ਦਿੱਲੀ ਦੇ ਚਰਚਿਤ BMW ਐਕਸੀਡੈਂਟ ਮਾਮਲੇ ਵਿੱਚ ਹੁਣ ਦਿੱਲੀ ਪੁਲਿਸ ਦੀ ਚਾਰਜਸ਼ੀਟ ਸਾਹਮਣੇ ਆ ਗਈ ਹੈ। ਚਾਰਜਸ਼ੀਟ ਵਿੱਚ ਕਈ ਗੰਭੀਰ ਖੁਲਾਸੇ ਹੋਏ ਹਨ, ਜੋ ਇਸ ਘਟਨਾ ਨੂੰ ਸਿਰਫ਼ ਇੱਕ ਹਾਦਸਾ ਨਹੀਂ, ਸਗੋਂ ਲਾਪਰਵਾਹੀ ਅਤੇ ਸੰਭਾਵਿਤ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ਹਨ। ਇਸ ਮਾਮਲੇ ਵਿੱਚ ਮ੍ਰਿਤਕ ਨਵਜੋਤ ਸਿੰਘ, ਜੋ ਵਿੱਤ ਮੰਤਰਾਲੇ ਵਿੱਚ ਡਿਪਟੀ ਸੈਕਰੇਟਰੀ ਸਨ, ਦੀ ਮੌਤ ਨੂੰ ਲੈ ਕੇ ਪੁਲਿਸ ਨੇ BNS ਦੀਆਂ ਧਾਰਾਵਾਂ 281, 125(b), 105 ਅਤੇ 238(a) ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਹੈ।
ਦਿੱਲੀ ਪੁਲਿਸ ਵੱਲੋਂ ਕੋਰਟ ਵਿੱਚ 400 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਗਈ ਹੈ, ਜਿਸ ਵਿੱਚ 34 ਗਵਾਹ ਸ਼ਾਮਲ ਹਨ। ਪੁਲਿਸ ਨੇ ਕਿਹਾ ਹੈ ਕਿ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਹੋਰ ਗਵਾਹ ਵੀ ਜੋੜੇ ਜਾ ਸਕਦੇ ਹਨ। ਪੋਸਟਮਾਰਟਮ ਰਿਪੋਰਟ ਮੁਤਾਬਕ ਹਾਦਸੇ ਤੋਂ ਬਾਅਦ ਨਵਜੋਤ ਸਿੰਘ ਘੱਟੋ-ਘੱਟ 15 ਮਿੰਟ ਤੱਕ ਜਿੰਦਾ ਸਨ। ਪੁਲਿਸ ਦਾ ਕਹਿਣਾ ਹੈ ਕਿ ਜੇ ਸਮੇਂ ’ਤੇ ਇਲਾਜ ਮਿਲ ਜਾਂਦਾ, ਤਾਂ ਉਨ੍ਹਾਂ ਦੀ ਜਾਨ ਬਚ ਸਕਦੀ ਸੀ। ਇਸ ਨਾਲ ਇਹ ਸਵਾਲ ਖੜ੍ਹੇ ਹੁੰਦੇ ਹਨ ਕਿ ਕੀ ਜਾਣਬੁੱਝ ਕੇ ਇਲਾਜ ਵਿੱਚ ਦੇਰੀ ਕੀਤੀ ਗਈ ਅਤੇ ਟ੍ਰੌਮਾ ਦੇ “ਗੋਲਡਨ ਆਵਰ” ਨੂੰ ਕਿਉਂ ਗੁਆਇਆ ਗਿਆ।
ਚਾਰਜਸ਼ੀਟ ਵਿੱਚ ਦਰਸਾਇਆ ਗਿਆ ਹੈ ਕਿ ਦਿੱਲੀ ਕੈਂਟ ਹਸਪਤਾਲ ਅਤੇ AIIMS ਟ੍ਰੌਮਾ ਸੈਂਟਰ ਘਟਨਾ ਸਥਾਨ ਤੋਂ ਸਿਰਫ਼ 10–15 ਮਿੰਟ ਦੀ ਦੂਰੀ ’ਤੇ ਸਨ। ਇਸ ਦੇ ਬਾਵਜੂਦ ਜ਼ਖ਼ਮੀ ਨੂੰ 20 ਕਿਲੋਮੀਟਰ ਦੂਰ GTB ਨਗਰ ਸਥਿਤ ਨਿਊਲਾਈਫ ਹਸਪਤਾਲ ਲਿਜਾਇਆ ਗਿਆ, ਜਿੱਥੇ ਪਹੁੰਚਣ ਵਿੱਚ 23 ਮਿੰਟ ਲੱਗੇ। ਪੁਲਿਸ ਅਨੁਸਾਰ ਇਸ ਦੇਰੀ ਕਾਰਨ ਗੋਲਡਨ ਆਵਰ ਦਾ ਲਾਭ ਨਹੀਂ ਮਿਲ ਸਕਿਆ ਅਤੇ ਪੀੜਤ ਦੀ ਮੌਤ ਹੋ ਗਈ।
ਚਾਰਜਸ਼ੀਟ ਵਿੱਚ ਨਿਊਲਾਈਫ ਹਸਪਤਾਲ ’ਤੇ ਵੀ ਗੰਭੀਰ ਸਵਾਲ ਉਠਾਏ ਗਏ ਹਨ। ਇਸਨੂੰ ਇੱਕ ਛੋਟਾ, ਦੋ ਮੰਜ਼ਿਲਾ ਨਰਸਿੰਗ ਹੋਮ ਦੱਸਿਆ ਗਿਆ ਹੈ, ਜਿੱਥੇ ਮੈਡੀਕਲ ਸੁਵਿਧਾਵਾਂ ਸੀਮਿਤ ਹਨ। ਇਹ ਵੀ ਆਰੋਪ ਲਗਾਇਆ ਗਿਆ ਹੈ ਕਿ ਹਸਪਤਾਲ ਨਾਲ ਦੋਸ਼ੀ ਪੱਖ ਦੇ ਦੂਰ ਦੇ ਪਰਿਵਾਰਕ ਸੰਬੰਧ ਹਨ। ਪੁਲਿਸ ਮੁਤਾਬਕ ਐਂਬੂਲੈਂਸ ਕੁਝ ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਈ ਸੀ ਅਤੇ ਉਸ ਵਿੱਚ ਪੈਰਾਮੈਡੀਕ ਮੌਜੂਦ ਸੀ, ਪਰ ਦੋਸ਼ੀ ਪੱਖ ਨੇ ਐਂਬੂਲੈਂਸ ਸੇਵਾ ਲੈਣ ਤੋਂ ਇਨਕਾਰ ਕਰ ਦਿੱਤਾ। ਐਂਬੂਲੈਂਸ ਡਰਾਈਵਰ ਅਤੇ ਉਸ ਦੇ ਸਹਾਇਕ ਦੇ ਬਿਆਨ BNSS ਦੀ ਧਾਰਾ 180 ਤਹਿਤ ਦਰਜ ਕੀਤੇ ਗਏ ਹਨ। ਮੌਕੇ ’ਤੇ ਮੌਜੂਦ DTC ਬੱਸ ਡਰਾਈਵਰ ਦਾ ਬਿਆਨ ਵੀ ਚਾਰਜਸ਼ੀਟ ਦਾ ਹਿੱਸਾ ਹੈ, ਜਿਸ ਨਾਲ ਪੁਲਿਸ ਨੂੰ ਘਟਨਾ ਦੀ ਕੜੀ ਜੋੜਨ ਵਿੱਚ ਮਦਦ ਮਿਲੀ ਹੈ।