ਉਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਯਾਤਰੀ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਔਰਤਾਂ ਸਮੇਤ 12 ਯਾਤਰੀ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ।
ਰਿਪੋਰਟਾਂ ਮੁਤਾਬਕ, ਇਹ ਹਾਦਸਾ ਭਿਕੀਆਸੈਨ–ਵਿਨਾਇਕ–ਜਲਾਲੀ ਮੋਟਰ ਰੋਡ ‘ਤੇ ਸ਼ਿਲਾਪਾਨੀ ਨੇੜੇ ਵਾਪਰਿਆ। ਬੱਸ ਭਿਕੀਆਸੈਨ ਤੋਂ ਰਾਮਨਗਰ ਜਾ ਰਹੀ ਸੀ ਅਤੇ ਸਵੇਰੇ ਕਰੀਬ 6 ਵਜੇ ਦੁਆਰਹਾਟ ਤੋਂ ਰਵਾਨਾ ਹੋਈ ਸੀ। ਰਸਤੇ ਵਿੱਚ ਡਰਾਈਵਰ ਵੱਲੋਂ ਕੰਟਰੋਲ ਗੁਆ ਲੈਣ ਕਾਰਨ ਬੱਸ ਖੱਡ ਵਿੱਚ ਜਾ ਡਿੱਗੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ, ਪ੍ਰਸ਼ਾਸਨ ਅਤੇ ਰਾਹਤ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਜ਼ਖ਼ਮੀਆਂ ਨੂੰ ਖੱਡ ਤੋਂ ਬਾਹਰ ਕੱਢ ਕੇ ਭਿਕੀਆਸੈਨ ਦੇ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਅਧਿਕਾਰੀਆਂ ਅਨੁਸਾਰ, ਬੱਸ ਵਿੱਚ ਕੁੱਲ 19 ਯਾਤਰੀ ਸਵਾਰ ਸਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਵਿੱਚ ਪੰਜ ਪੁਰਸ਼ ਅਤੇ ਦੋ ਔਰਤਾਂ ਸ਼ਾਮਲ ਹਨ।
ਮ੍ਰਿਤਕਾਂ ਦੀ ਪਛਾਣ
ਮ੍ਰਿਤਕਾਂ ਵਿੱਚ ਗੋਵਿੰਦ ਬੱਲਭ (80) ਅਤੇ ਉਨ੍ਹਾਂ ਦੀ ਪਤਨੀ ਪਾਰਵਤੀ ਦੇਵੀ (75) ਜਮੋਲੀ ਵਾਸੀ, ਸੂਬੇਦਾਰ ਨੰਦਨ ਸਿੰਘ ਅਧਿਕਾਰੀ (65) ਜਮੋਲੀ, ਤਾਰਾ ਦੇਵੀ (50) ਬਾਲੀ, ਗਣੇਸ਼ (25), ਉਮੇਸ਼ (25) ਅਤੇ ਇੱਕ ਅਣਪਛਾਤਾ ਨੌਜਵਾਨ ਸ਼ਾਮਲ ਹੈ।
ਜ਼ਖ਼ਮੀਆਂ ਦੀ ਸੂਚੀ
ਜ਼ਖ਼ਮੀਆਂ ਵਿੱਚ ਨੰਦਾ ਬੱਲਭ, ਰਾਕੇਸ਼ ਕੁਮਾਰ, ਨੰਦੀ ਦੇਵੀ, ਹਾਂਸੀ ਸਤੀ, ਮੋਹਿਤ ਸਤੀ, ਬੁੱਧੀ ਬੱਲਭ, ਹਰੀਚੰਦਰ, ਭੁਪਿੰਦਰ ਸਿੰਘ, ਜਤਿੰਦਰ ਰੇਖਾੜੀ, ਬੱਸ ਡਰਾਈਵਰ ਨਵੀਨ ਚੰਦਰ, ਹਿਮਾਂਸ਼ੂ ਪਾਲੀਵਾਲ ਅਤੇ ਪ੍ਰਕਾਸ਼ ਚੰਦ ਸ਼ਾਮਲ ਹਨ।
ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਜ਼ਾਹਰ ਕੀਤੀ ਅਤੇ ਜ਼ਖ਼ਮੀਆਂ ਦੇ ਜਲਦੀ ਸੁਸਥ ਹੋਣ ਦੀ ਕਾਮਨਾ ਕੀਤੀ।