ਭਾਰਤ ਦੀ ਰੱਖਿਆ ਸਮਰੱਥਾ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਵਦੇਸ਼ੀ ਤੌਰ ’ਤੇ ਤਿਆਰ ਕੀਤੀ ਗਈ ਪਣਡੁੱਬੀ INS ਵਾਘਸ਼ੀਰ ’ਤੇ ਸਵਾਰ ਹੋ ਕੇ ਗਹਿਰੇ ਸਮੁੰਦਰ ਦੀ ਯਾਤਰਾ ਕੀਤੀ। ਇਹ ਯਾਤਰਾ ਭਾਰਤ ਦੀ ਵਧਦੀ ਨੌਸੈਨਾ ਤਾਕਤ ਅਤੇ ਮੇਕ ਇਨ ਇੰਡੀਆ ਮੁਹਿੰਮ ਦਾ ਮਜ਼ਬੂਤ ਪ੍ਰਤੀਕ ਮੰਨੀ ਜਾ ਰਹੀ ਹੈ।
ਕਰਨਾਟਕ ਦੇ ਕਰਵਾਰ ਨੇਵਲ ਬੇਸ ਤੋਂ ਰਾਸ਼ਟਰਪਤੀ ਨੇ ਕਲਵਰੀ ਕਲਾਸ ਦੀ ਇਸ ਪਣਡੁੱਬੀ ’ਚ ਸਮੁੰਦਰੀ ਸਫ਼ਰ ਕੀਤਾ। ਇਸ ਮੌਕੇ ਉਨ੍ਹਾਂ ਨਾਲ ਭਾਰਤੀ ਨੌਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਵੀ ਮੌਜੂਦ ਸਨ। ਇਹ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਪਣਡੁੱਬੀ ਵਿੱਚ ਪਹਿਲੀ ਯਾਤਰਾ ਸੀ।
ਇਸ ਤੋਂ ਪਹਿਲਾਂ ਸਿਰਫ਼ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੇ 2006 ਵਿੱਚ ਵਿਸਾਖਾਪਟਨਮ ਵਿੱਚ ਰੂਸੀ ਮੂਲ ਦੀ INS ਸਿੰਧੁਰੱਖਸ਼ਕ ਪਣਡੁੱਬੀ ਵਿੱਚ ਯਾਤਰਾ ਕੀਤੀ ਸੀ। INS ਵਾਘਸ਼ੀਰ ਨੂੰ ਮੁੰਬਈ ਦੇ ਮਝਗਾਂਵ ਡੌਕਯਾਰਡ ਵਿੱਚ ਫਰਾਂਸ ਦੇ ਸਹਿਯੋਗ ਨਾਲ ਦੇਸ਼ ਵਿੱਚ ਹੀ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ 15 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਸਮਰਪਿਤ ਕੀਤਾ ਗਿਆ ਸੀ।
ਆਧੁਨਿਕ ਤਕਨਾਲੋਜੀ ਨਾਲ ਲੈਸ ਇਹ ਡੀਜ਼ਲ-ਇਲੈਕਟ੍ਰਿਕ ਅਟੈਕ ਸਬਮਰੀਨ ਦੁਸ਼ਮਣ ਲਈ ਪਾਣੀ ਹੇਠਾਂ ਇੱਕ ਵੱਡੀ ਚੁਣੌਤੀ ਮੰਨੀ ਜਾਂਦੀ ਹੈ।