ਅਮਰੀਕਾ ਅਤੇ ਕੈਨੇਡਾ ਦੌਰੇ ‘ਤੇ ਗਈ ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੂੰ ਕੈਨੇਡਾ ਵਿੱਚ ਹੋਏ ਇੱਕ ਇਵੈਂਟ ਦੌਰਾਨ ਸੋਸ਼ਲ ਮੀਡੀਆ ‘ਤੇ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਸ਼ਕਾਂ ਦਾ ਦੋਸ਼ ਹੈ ਕਿ ਮਾਧੁਰੀ ਤਿੰਨ ਘੰਟੇ ਦੇਰੀ ਨਾਲ ਸਮਾਗਮ ‘ਚ ਪਹੁੰਚੀ, ਜਿਸ ਕਾਰਨ ਲੋਕ ਨਿਰਾਸ਼ ਹੋਏ।
ਦਰਸ਼ਕਾਂ ਨੇ ਸਿਰਫ਼ ਮਾਧੁਰੀ ਹੀ ਨਹੀਂ, ਸਗੋਂ ਇਵੈਂਟ ਦੇ ਆਰਗੇਨਾਈਜ਼ਰਾਂ ਨੂੰ ਵੀ ਨਿਸ਼ਾਨੇ ‘ਤੇ ਲਿਆ। ਕਈ ਲੋਕਾਂ ਦਾ ਕਹਿਣਾ ਹੈ ਕਿ ਇਸ਼ਤਿਹਾਰਾਂ ਵਿੱਚ ਸ਼ੋਅ ਦੇ ਫਾਰਮੈਟ ਬਾਰੇ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਜਿੱਥੇ ਪ੍ਰਸ਼ੰਸਕ ਮਾਧੁਰੀ ਦੀਆਂ ਮਸ਼ਹੂਰ ਡਾਂਸ ਪਰਫਾਰਮੈਂਸਾਂ ਦੇਖਣ ਆਏ ਸਨ, ਉੱਥੇ ਸ਼ੋਅ ਵੱਧਤਰ ਗੱਲਬਾਤ ਤੱਕ ਹੀ ਸੀਮਿਤ ਰਿਹਾ ਅਤੇ ਨੱਚਣ ਦੇ ਆਇਟਮ ਬਹੁਤ ਘੱਟ ਰਹੇ।
ਸੋਸ਼ਲ ਮੀਡੀਆ ‘ਤੇ ਪਰਵੈਜ਼ ਧਨਾਨੀ ਨਾਮਕ ਯੂਜ਼ਰ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, “ਇਹ ਸਭ ਤੋਂ ਖ਼ਰਾਬ ਸ਼ੋਅ ਸੀ, ਅਤੇ ਇਸ ਲਈ ਉਨ੍ਹਾਂ ਨੂੰ ਪੈਸੇ ਮਿਲਦੇ ਹਨ?” ਕਮੈਂਟ ਸੈਕਸ਼ਨ ਵਿੱਚ ਕਈ ਹੋਰ ਦਰਸ਼ਕਾਂ ਨੇ ਵੀ ਗੁੱਸਾ ਜ਼ਾਹਿਰ ਕੀਤਾ।
ਇੱਕ ਯੂਜ਼ਰ ਨੇ ਆਰਗੇਨਾਈਜ਼ਰਾਂ ਖ਼ਿਲਾਫ਼ ਕਨਜ਼ਿਊਮਰ ਪ੍ਰੋਟੈਕਸ਼ਨ ਓਨਟਾਰੀਓ ਨੂੰ ਸ਼ਿਕਾਇਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮਾਮਲਾ “ਗਲਤ ਪੇਸ਼ਕਾਰੀ” ਦੇ ਅਧੀਨ ਆਉਂਦਾ ਹੈ। ਕਈ ਦਰਸ਼ਕਾਂ ਨੇ ਦਾਅਵਾ ਕੀਤਾ ਕਿ ਲੋਕ ਰਿਫੰਡ ਦੀ ਮੰਗ ਕਰਦੇ ਹੋਏ ਵਿਚਕਾਰੋਂ ਹੀ ਸ਼ੋਅ ਛੱਡ ਕੇ ਚਲੇ ਗਏ।
ਮਾਧੁਰੀ ਦੇ ਦੇਰ ਨਾਲ ਆਉਣ ‘ਤੇ ਇੱਕ ਦਰਸ਼ਕ ਨੇ ਕਿਹਾ ਕਿ ਟਿਕਟ ‘ਤੇ ਸ਼ੋਅ ਸ਼ਾਮ 7:30 ਵਜੇ ਸ਼ੁਰੂ ਹੋਣ ਦਾ ਸਮਾਂ ਲਿਖਿਆ ਸੀ, ਪਰ ਅਦਾਕਾਰਾ ਰਾਤ 10 ਵਜੇ ਬਾਅਦ ਮੰਚ ‘ਤੇ ਆਈ, ਜਿਸ ਨਾਲ ਦਰਸ਼ਕਾਂ ਦੇ ਸਮੇਂ ਦੀ ਬੇਅਦਬੀ ਹੋਈ।
ਹਾਲਾਂਕਿ ਇਸ ਮਾਮਲੇ ‘ਤੇ ਮਾਧੁਰੀ ਦੀਕਸ਼ਿਤ ਜਾਂ ਉਨ੍ਹਾਂ ਦੀ ਟੀਮ ਵੱਲੋਂ ਹਜੇ ਤੱਕ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮਾਧੁਰੀ ਨੇ ਆਪਣੇ ਇੰਸਟਾਗ੍ਰਾਮ ‘ਤੇ ਅਮਰੀਕਾ ਅਤੇ ਕੈਨੇਡਾ ਟੂਰ ਦੀ ਘੋਸ਼ਣਾ ਕਰਦਿਆਂ ਇਸਨੂੰ ਡਾਂਸ, ਸੰਗੀਤ ਅਤੇ ਯਾਦਾਂ ਨਾਲ ਭਰਪੂਰ ਸਮਾਗਮ ਕਰਾਰ ਦਿੱਤਾ ਸੀ। ਕੰਮਕਾਜ ਦੀ ਗੱਲ ਕਰੀਏ ਤਾਂ ਮਾਧੁਰੀ ਆਖ਼ਰੀ ਵਾਰ 2024 ਦੀ ਫ਼ਿਲਮ ਭੂਲ ਭੁਲਈਆ 3 ਵਿੱਚ ਨਜ਼ਰ ਆਈ ਸੀ।