ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨੇਚਰੋਪੈਥੀ ਕਲਿਨਿਕ ਚਲਾਉਣ ਵਾਲੇ ਇੱਕ ਪੜ੍ਹੇ-ਲਿਖੇ ਨੌਜਵਾਨ ਨੂੰ ਚੋਰੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਨੇ ਚੋਰੀ ਲਈ ਸਰਕਾਰੀ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਸੀ, ਤਾਂ ਜੋ ਕੁਝ ਸਾਮਾਨ ਆਪਣੇ ਵਰਤੋਂ ਲਈ ਰੱਖ ਸਕੇ ਅਤੇ ਕੁਝ ਵੇਚ ਕੇ ਪੈਸਾ ਕਮਾ ਸਕੇ।
ਪੁਲਿਸ ਨੇ 8 ਦਸੰਬਰ ਦੀ ਰਾਤ ਕਸਬਾ ਬਨਤ ਸਥਿਤ ਸਰਕਾਰੀ ਹਸਪਤਾਲ ਵਿੱਚ ਹੋਈ ਚੋਰੀ ਦੀ ਘਟਨਾ ਦਾ ਖੁਲਾਸਾ ਕਰਦਿਆਂ ਮੁੱਖ ਦੋਸ਼ੀ ਆਸਿਫ ਅਤੇ ਉਸ ਦੇ ਸਾਥੀ ਸਚਿਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਦੀ ਨਿਸ਼ਾਨਦੇਹੀ ’ਤੇ ਹਸਪਤਾਲ ਤੋਂ ਚੁਰਾਇਆ ਗਿਆ ਐਲਈਡੀ ਟੀਵੀ, ਇਲੈਕਟ੍ਰਾਨਿਕ ਸਾਮਾਨ, ਕੀਮਤੀ ਮੈਡੀਕਲ ਉਪਕਰਣ, ਦਵਾਈਆਂ ਅਤੇ ਚੋਰੀ ਲਈ ਵਰਤੀ ਗਈ ਕਾਰ ਬਰਾਮਦ ਕੀਤੀ ਗਈ ਹੈ।
ਪੁਲਿਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਆਸਿਫ ਪਿੰਡ ਭਾਜੂ ਦਾ ਰਹਿਣ ਵਾਲਾ ਹੈ ਅਤੇ ਬਨਤ ਖੇਤਰ ਵਿੱਚ ਫਿਜ਼ਿਓਥੈਰੇਪੀ/ਨੇਚਰੋਪੈਥੀ ਕਲਿਨਿਕ ਚਲਾਉਂਦਾ ਸੀ। ਉਸ ਨੇ ਗਰਲਫ਼੍ਰੈਂਡ ਦੀ ਵਧ ਰਹੀ ਮੰਗ, ਲਗਜ਼ਰੀ ਜੀਵਨਸ਼ੈਲੀ ਅਤੇ ਕਰਜ਼ੇ ਦੇ ਦਬਾਅ ਕਾਰਨ ਇਹ ਜੁਰਮ ਕਰਨ ਦੀ ਗੱਲ ਕਬੂਲੀ ਹੈ। ਪੁਲਿਸ ਨੂੰ ਉਸ ਦੇ ਮੋਬਾਇਲ ਫ਼ੋਨ ਤੋਂ ਕੁਝ ਸ਼ੱਕੀ ਅਤੇ ਅਪੱਤੀਜਨਕ ਸਮੱਗਰੀ ਵੀ ਮਿਲੀ ਹੈ, ਜਿਸ ਦੀ ਜਾਂਚ ਜਾਰੀ ਹੈ।
ਸ਼ਾਮਲੀ ਦੇ ਐਸਪੀ ਸੁਮਿਤ ਸ਼ੁਕਲਾ ਨੇ ਦੱਸਿਆ ਕਿ ਆਸਿਫ ਨੇ ਝਾਰਖੰਡ ਦੀ ਇੱਕ ਨਿੱਜੀ ਯੂਨੀਵਰਸਿਟੀ ਤੋਂ ਨੇਚਰੋਪੈਥੀ ਵਿੱਚ ਡਿਪਲੋਮਾ ਕੀਤਾ ਹੋਇਆ ਹੈ। ਉਸ ਨੇ ਕਈ ਲੜਕੀਆਂ ਨਾਲ ਸਬੰਧ ਹੋਣ ਦੀ ਗੱਲ ਵੀ ਮੰਨੀ ਹੈ। ਗ੍ਰਿਫ਼ਤਾਰੀ ਤੋਂ ਬਾਅਦ ਦੋਵੇਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।