ਅਸਾਮ ਦੇ ਕਾਰਬੀ ਆੰਗਲੋਂਗ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਮੁੜ ਹਿੰਸਾ ਭੜਕ ਉੱਠੀ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 38 ਪੁਲਿਸ ਕਰਮਚਾਰੀਆਂ ਸਮੇਤ ਕੁੱਲ 45 ਲੋਕ ਜ਼ਖ਼ਮੀ ਹੋ ਗਏ। ਹਿੰਸਾ ਦੋ ਸਮੂਹਾਂ ਦੇ ਪ੍ਰਦਰਸ਼ਨਕਾਰੀਆਂ ਵਿਚਕਾਰ ਟਕਰਾਅ ਤੋਂ ਬਾਅਦ ਸ਼ੁਰੂ ਹੋਈ, ਜਿਸ ਤੋਂ ਬਾਅਦ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਅਤੇ ਆਂਸੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਨੀ ਪਈ।
ਹਾਲਾਤਾਂ ਨੂੰ ਦੇਖਦੇ ਹੋਏ ਕਾਰਬੀ ਆੰਗਲੋਂਗ ਅਤੇ ਪੱਛਮੀ ਕਾਰਬੀ ਆੰਗਲੋਂਗ ਦੋਵਾਂ ਜ਼ਿਲ੍ਹਿਆਂ ਵਿੱਚ ਮੋਬਾਇਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਇਲਾਕੇ ਵਿੱਚ ਕਰਫਿਊ ਅਤੇ ਧਾਰਾ 163 BNSS ਤਹਿਤ ਪਾਬੰਦੀਆਂ ਲਾਗੂ ਹਨ, ਜਿਨ੍ਹਾਂ ਅਧੀਨ ਸ਼ਾਮ 5 ਵਜੇ ਤੋਂ ਸਵੇਰੇ 6 ਵਜੇ ਤੱਕ ਆਵਾਜਾਈ ‘ਤੇ ਰੋਕ ਹੈ। ਬੁੱਧਵਾਰ ਤੋਂ ਫੌਜ ਦੀ ਤਾਇਨਾਤੀ ਵੀ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਮੁਤਾਬਕ, ਮਰਨ ਵਾਲਿਆਂ ਵਿੱਚ 25 ਸਾਲਾ ਦਿਵਿਆਂਗ ਨੌਜਵਾਨ ਸੁਰੇਸ਼ ਦੇ ਸ਼ਾਮਲ ਹੈ, ਜਿਸ ਦੀ ਲਾਸ਼ ਉਸ ਇਮਾਰਤ ਵਿੱਚੋਂ ਮਿਲੀ ਜਿਸਨੂੰ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾ ਦਿੱਤੀ ਸੀ। ਦੂਜੇ ਮ੍ਰਿਤਕ ਦੀ ਪਛਾਣ ਅਥਿਕ ਤਿਮੁੰਗ ਵਜੋਂ ਹੋਈ ਹੈ, ਜੋ ਝੜਪਾਂ ਦੌਰਾਨ ਮਾਰਿਆ ਗਿਆ।
ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਆਦਿਵਾਸੀ ਬੈਲਟ ਦੀ ਜ਼ਮੀਨ, ਜੋ ਪ੍ਰੋਫੈਸ਼ਨਲ ਗਰੇਜ਼ਿੰਗ ਰਿਜ਼ਰਵ (PGR) ਅਤੇ ਵਿਲੇਜ ਗਰੇਜ਼ਿੰਗ ਰਿਜ਼ਰਵ (VGR) ਦੇ ਅਧੀਨ ਆਉਂਦੀ ਹੈ, ਉੱਥੋਂ ਗੈਰਕਾਨੂੰਨੀ ਕਬਜ਼ੇ ਹਟਾਏ ਜਾਣ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਜ਼ਿਆਦਾਤਰ ਕਬਜ਼ਾਧਾਰੀ ਬਿਹਾਰ ਤੋਂ ਆਏ ਹਨ ਅਤੇ ਸਾਲਾਂ ਤੋਂ ਇਨ੍ਹਾਂ ਜ਼ਮੀਨਾਂ ‘ਤੇ ਕਬਜ਼ਾ ਕਰਕੇ ਬੈਠੇ ਹਨ। ਇਹ ਲੋਕ ਪਿਛਲੇ 15 ਦਿਨਾਂ ਤੋਂ ਭੁੱਖ ਹੜਤਾਲ ‘ਤੇ ਸਨ, ਜੋ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਮੰਗਲਵਾਰ ਨੂੰ ਖਤਮ ਕੀਤੀ ਗਈ।