ਬੰਗਲਾਦੇਸ਼ ਇੱਕ ਵਾਰ ਫਿਰ ਹਿੰਸਾ ਅਤੇ ਅਸਥਿਰਤਾ ਦੀ ਅੱਗ ਵਿੱਚ ਸੜ ਰਿਹਾ ਹੈ, ਜਿੱਥੇ ਘੱਟਸੰਖਿਆਕ ਹਿੰਦੂ ਭਾਈਚਾਰਾ ਨਿਸ਼ਾਨੇ ‘ਤੇ ਹੈ। ਪਿਛਲੇ ਕੁਝ ਦਿਨਾਂ ਦੌਰਾਨ ਕਈ ਹਿੰਦੂਆਂ ਦੀ ਪਿੱਟ–ਪਿੱਟ ਕੇ ਹੱਤਿਆ ਕੀਤੀ ਗਈ ਹੈ। ਦੀਪੂ ਚੰਦਰ ਦਾਸ ਨੂੰ ਪਿੱਟ ਕੇ ਮਾਰਨ ਤੋਂ ਬਾਅਦ ਸਰਏਆਮ ਸਾੜ ਦਿੱਤਾ ਗਿਆ, ਜਿਸ ਨਾਲ ਭਾਰਤ ਸਮੇਤ ਕਈ ਥਾਵਾਂ ‘ਤੇ ਗੁੱਸੇ ਦੀ ਲਹਿਰ ਦੌੜ ਗਈ ਹੈ।
ਇਨ੍ਹਾਂ ਘਟਨਾਵਾਂ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ, ਭੋਪਾਲ, ਹੈਦਰਾਬਾਦ ਸਮੇਤ 10 ਤੋਂ ਵੱਧ ਸ਼ਹਿਰਾਂ ਵਿੱਚ ਲੋਕ ਸੜਕਾਂ ‘ਤੇ ਉਤਰ ਆਏ ਅਤੇ ਬੰਗਲਾਦੇਸ਼ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਦੂਜੇ ਪਾਸੇ, ਬੰਗਲਾਦੇਸ਼ ਵਿੱਚ ਵੀ ਦੀਪੂ ਦੀ ਹੱਤਿਆ ਨੂੰ ਲੈ ਕੇ ਪ੍ਰਦਰਸ਼ਨ ਹੋਏ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਸਾਹਮਣੇ ਆ ਕੇ ਇਨਸਾਫ ਦੀ ਮੰਗ ਕੀਤੀ।
ਕਈ ਸ਼ਹਿਰਾਂ ਵਿੱਚ ਬੰਗਲਾਦੇਸ਼ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਦਿੱਲੀ ਅਤੇ ਕੋਲਕਾਤਾ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਝੜਪਾਂ ਵੀ ਹੋਈਆਂ, ਜਿਸ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ। ਦਿੱਲੀ ਵਿੱਚ ਵਿਸ਼ਵ ਹਿੰਦੂ ਪਰਿਸ਼ਦ (VHP) ਅਤੇ ਬਜਰੰਗ ਦਲ ਦੇ ਸੈਂਕੜੇ ਸਮਰਥਕਾਂ ਨੇ ਸਖ਼ਤ ਸੁਰੱਖਿਆ ਵਾਲੇ ਬੰਗਲਾਦੇਸ਼ ਹਾਈ ਕਮਿਸ਼ਨ ਦੇ ਨੇੜੇ ਲੱਗੇ ਬੈਰੀਕੇਡ ਹਟਾ ਦਿੱਤੇ, ਜਿਸ ਤੋਂ ਬਾਅਦ ਪੁਲਿਸ ਨਾਲ ਝੜਪ ਹੋ ਗਈ। ਕੋਲਕਾਤਾ ਵਿੱਚ ਵੀ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਰੋਕਿਆ ਤਾਂ ਝੜਪ ਹੋ ਗਈ, ਕਈ ਬੈਰੀਕੇਡ ਟੁੱਟ ਗਏ ਅਤੇ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਘੱਟੋ-ਘੱਟ 12 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਜੰਮੂ ਤੋਂ ਮੁੰਬਈ ਤੱਕ ਇਨਸਾਫ ਦੀ ਗੂੰਜ
ਮੁੰਬਈ ਵਿੱਚ ਵੀ ਬਜਰੰਗ ਦਲ ਅਤੇ ਵਿਹਿਪ ਦੇ ਕਾਰਕੁਨਾਂ ਨੇ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ। ਬੀਐਮਸੀ ਭਵਨ ਦੇ ਬਾਹਰ ਵੀ 100 ਤੋਂ ਵੱਧ ਕਾਰਕੁਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਜੰਮੂ–ਕਸ਼ਮੀਰ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਵੀ ਦੀਪੂ ਦੀ ਹੱਤਿਆ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਜਾਂ ਤਾਂ ਹਿੰਦੂਆਂ ਨੂੰ ਭਾਰਤ ਲਿਆਂਦਾ ਜਾਵੇ ਜਾਂ ਉਨ੍ਹਾਂ ਦੀ ਬੰਗਲਾਦੇਸ਼ ਵਿੱਚ ਪੂਰੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਬੰਗਲਾਦੇਸ਼ ਵੱਲੋਂ ਭਾਰਤੀ ਉੱਚਾਇੁਕਤ ਤਲਬ
ਭਾਰਤ ਵਿੱਚ ਬੰਗਲਾਦੇਸ਼ੀ ਦੂਤਾਵਾਸਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਜਤਾਉਂਦੇ ਹੋਏ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਭਾਰਤ ਦੇ ਉੱਚਾਇੁਕਤ ਪ੍ਰਣੈ ਵਰਮਾ ਨੂੰ ਤਲਬ ਕੀਤਾ। ਬੰਗਲਾਦੇਸ਼ ਦੇ ਵਿਦੇਸ਼ ਸਕੱਤਰ ਅਸਦ ਆਲਮ ਸਿਆਮ ਨੇ ਉੱਚਾਇੁਕਤ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਡਿਪਟੀ ਉੱਚਾਇੁਕਤ ਵੀ ਮੌਜੂਦ ਸਨ। ਵਿਦੇਸ਼ ਮੰਤਰਾਲੇ ਦੇ ਬਿਆਨ ਅਨੁਸਾਰ, ਬੰਗਲਾਦੇਸ਼ ਨੇ ਭਾਰਤ ਵਿੱਚ ਆਪਣੇ ਦੂਤਾਵਾਸਾਂ ਦੇ ਬਾਹਰ ਹੋ ਰਹੇ ਪ੍ਰਦਰਸ਼ਨਾਂ ‘ਤੇ ਗੰਭੀਰ ਚਿੰਤਾ ਜਤਾਈ ਹੈ ਅਤੇ ਭਾਰਤ ਤੋਂ ਉਮੀਦ ਜਤਾਈ ਹੈ ਕਿ ਇਨ੍ਹਾਂ ਘਟਨਾਵਾਂ ਦੀ ਡੂੰਘੀ ਜਾਂਚ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਰੋਕਣ ਲਈ ਢੁੱਕਵੇਂ ਕਦਮ ਚੁੱਕੇ ਜਾਣਗੇ।
ਗੌਰਤਲਬ ਹੈ ਕਿ ਪਿਛਲੇ 10 ਦਿਨਾਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਪ੍ਰਣੈ ਵਰਮਾ ਨੂੰ ਤਲਬ ਕੀਤਾ ਗਿਆ ਹੈ। ਮੁਹੰਮਦ ਯੂਨੁਸ ਦੀ ਅੰਤਰਿਮ ਸਰਕਾਰ ਦੇ ਕਾਰਜਕਾਲ ਦੌਰਾਨ ਵੱਖ–ਵੱਖ ਮਾਮਲਿਆਂ ਨੂੰ ਲੈ ਕੇ ਭਾਰਤੀ ਉੱਚਾਇੁਕਤ ਨੂੰ ਘੱਟੋ-ਘੱਟ ਛੇ ਵਾਰ ਤਲਬ ਕੀਤਾ ਜਾ ਚੁੱਕਾ ਹੈ।