ਹਰਿਆਣਾ ਦੇ ਕੁਰੂਕਸ਼ੇਤਰ ਸਥਿਤ ਮਸ਼ਹੂਰ ਸਟਰਲਿੰਗ ਰਿਜ਼ੋਰਟ ਵਿੱਚ ਇੱਕ ਦਰਦਨਾਕ ਹਾਦਸੇ ਦੌਰਾਨ ਉੱਤਰ ਪ੍ਰਦੇਸ਼ ਦੇ ਪੰਜ ਮਜ਼ਦੂਰਾਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਾਰੇ ਮ੍ਰਿਤਕ ਸਹਾਰਨਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ, ਜੋ ਪੇਂਟ ਪ੍ਰੋਜੈਕਟ ਲਈ ਕੰਮ ਕਰਨ ਵਾਸਤੇ ਕੁਰੂਕਸ਼ੇਤਰ ਆਏ ਸਨ।
ਜਾਣਕਾਰੀ ਮੁਤਾਬਕ ਮਜ਼ਦੂਰ ਸੋਮਵਾਰ ਸ਼ਾਮ ਰਿਜ਼ੋਰਟ ਪਹੁੰਚੇ ਸਨ। ਰਾਤ ਦਾ ਖਾਣਾ ਖਾਣ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਕੋਲੇ ਦੀ ਅੰਗੀਠੀ ਜਗਾ ਕੇ ਸੌਂ ਗਏ। ਸਵੇਰੇ ਕਾਫ਼ੀ ਦੇਰ ਤੱਕ ਕੋਈ ਹਰਕਤ ਨਾ ਹੋਣ ‘ਤੇ ਸਾਥੀ ਮਜ਼ਦੂਰਾਂ ਨੂੰ ਸ਼ੱਕ ਹੋਇਆ। ਦਰਵਾਜ਼ਾ ਖੜਕਾਉਣ ਬਾਵਜੂਦ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਖਿੜਕੀ ਰਾਹੀਂ ਅੰਦਰ ਝਾਤ ਮਾਰੀ ਗਈ, ਜਿੱਥੇ ਪੰਜੋਂ ਮਜ਼ਦੂਰ ਬਿਸਤਰੇ ‘ਤੇ ਪਏ ਹੋਏ ਮਿਲੇ।
ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਸਿਟੀ ਪੁਲਿਸ ਸਟੇਸ਼ਨ ਅਤੇ ਥਾਨੇਸਰ ਪੁਲਿਸ ਦੀ ਟੀਮ, ਇੰਸਪੈਕਟਰ ਦਿਨੇਸ਼ ਕੁਮਾਰ ਦੀ ਅਗਵਾਈ ਹੇਠ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਪੰਜੋਂ ਨੂੰ ਮ੍ਰਿਤਕ ਘੋਸ਼ਿਤ ਕਰਦਿਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਐਲਐਨਜੇਪੀ ਹਸਪਤਾਲ ਭੇਜ ਦਿੱਤਾ।
ਰਿਜ਼ੋਰਟ ਕਰਮਚਾਰੀ ਉਪੇਂਦਰ ਨੇ ਦੱਸਿਆ ਕਿ ਮਜ਼ਦੂਰ ਪੇਂਟਿੰਗ ਦਾ ਕੰਮ ਕਰਨ ਆਏ ਸਨ ਅਤੇ ਰਾਤ ਨੂੰ ਕਮਰੇ ਵਿੱਚ ਅੱਗ ਬਾਲ ਕੇ ਸੌਂ ਗਏ। ਸਵੇਰੇ ਕੋਈ ਪ੍ਰਤੀਕਿਰਿਆ ਨਾ ਮਿਲਣ ‘ਤੇ ਸਟਾਫ ਨੇ ਅੰਦਰ ਦੇਖਿਆ, ਜਿੱਥੇ ਸਾਰੇ ਬੇਹੋਸ਼ ਪਏ ਸਨ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਥਾਨੇਸਰ ਪੁਲਿਸ ਸਟੇਸ਼ਨ ਦੇ ਐਸਐਚਓ ਇੰਸਪੈਕਟਰ ਦਿਨੇਸ਼ ਕੁਮਾਰ ਨੇ ਕਿਹਾ ਕਿ ਕਮਰੇ ਵਿੱਚ ਅੰਗੀਠੀ ਬਲ ਰਹੀ ਸੀ, ਜਿਸ ਕਾਰਨ ਦਮ ਘੁੱਟਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਰਿਜ਼ੋਰਟ ਸਟਾਫ ਤੋਂ ਪੁੱਛਗਿੱਛ ਜਾਰੀ ਹੈ। ਮੁੱਢਲੀ ਜਾਂਚ ਅਨੁਸਾਰ ਮੌਤ ਦਾ ਕਾਰਨ ਅੰਗੀਠੀ ਦੇ ਧੂੰਏਂ ਨਾਲ ਦਮ ਘੁੱਟਣਾ ਦੱਸਿਆ ਜਾ ਰਿਹਾ ਹੈ।