ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ 31 ਦਸੰਬਰ 2025 ਇੱਕ ਮਹੱਤਵਪੂਰਨ ਤਾਰੀਖ ਹੈ, ਕਿਉਂਕਿ ਇਸ ਦਿਨ 7ਵੇਂ ਤਨਖਾਹ ਕਮਿਸ਼ਨ ਦੀ ਮਿਆਦ ਸਰਕਾਰੀ ਤੌਰ ’ਤੇ ਖਤਮ ਹੋ ਜਾਵੇਗੀ। ਇਸ ਤੋਂ ਬਾਅਦ 8ਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਦੀ ਉਮੀਦ ਹੈ, ਜਿਸ ਦੀਆਂ ਸ਼ਰਤਾਂ ਨੂੰ ਕੇਂਦਰ ਸਰਕਾਰ ਨੇ ਅਕਤੂਬਰ 2025 ਵਿੱਚ ਮਨਜ਼ੂਰੀ ਦੇ ਦਿੱਤੀ ਸੀ।
ਸਰਕਾਰੀ ਰਵਾਇਤਾਂ ਮੁਤਾਬਕ ਨਵੀਂ ਤਨਖਾਹ ਸੰਰਚਨਾ 1 ਜਨਵਰੀ 2026 ਤੋਂ ਲਾਗੂ ਮੰਨੀ ਜਾ ਸਕਦੀ ਹੈ। 8ਵਾਂ ਤਨਖਾਹ ਕਮਿਸ਼ਨ ਨਵੰਬਰ 2025 ਵਿੱਚ ਕੰਮ ਸ਼ੁਰੂ ਕਰ ਚੁੱਕਾ ਹੈ ਅਤੇ ਇਸਨੂੰ ਤਨਖਾਹਾਂ, ਭੱਤਿਆਂ ਅਤੇ ਪੈਨਸ਼ਨਾਂ ਬਾਰੇ ਆਪਣੀਆਂ ਸਿਫ਼ਾਰਸ਼ਾਂ ਸਰਕਾਰ ਨੂੰ ਸੌਂਪਣ ਲਈ ਲਗਭਗ 18 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਲਾਗੂ ਮਿਤੀ (1 ਜਨਵਰੀ 2026) ਅਤੇ ਅਸਲ ਭੁਗਤਾਨ ਵਿੱਚ ਕੁਝ ਦੇਰੀ ਹੋ ਸਕਦੀ ਹੈ। 7ਵੇਂ ਤਨਖਾਹ ਕਮਿਸ਼ਨ ਵਾਂਗ ਹੀ, ਨਵੀਂ ਤਨਖਾਹ ਵਾਧਾ ਅਤੇ ਬਕਾਇਆ ਰਕਮ (ਅਰੀਅਰਜ਼) 2026-27 ਦੌਰਾਨ ਮਿਲਣ ਦੀ ਸੰਭਾਵਨਾ ਹੈ।
ਹਾਲਾਂਕਿ ਅਜੇ ਤੱਕ ਸਰਕਾਰ ਵੱਲੋਂ ਕੋਈ ਅਧਿਕਾਰਕ ਅੰਕੜੇ ਜਾਰੀ ਨਹੀਂ ਕੀਤੇ ਗਏ, ਪਰ ਪਿਛਲੇ ਤਨਖਾਹ ਕਮਿਸ਼ਨਾਂ ਦੇ ਅਧਾਰ ’ਤੇ ਅੰਦਾਜ਼ੇ ਇਹ ਹਨ:
-
6ਵਾਂ ਤਨਖਾਹ ਕਮਿਸ਼ਨ: ਔਸਤ ਵਾਧਾ ਲਗਭਗ 40 ਫ਼ੀਸਦੀ
-
7ਵਾਂ ਤਨਖਾਹ ਕਮਿਸ਼ਨ: ਔਸਤ ਵਾਧਾ 23 ਤੋਂ 25 ਫ਼ੀਸਦੀ (ਫਿਟਮੈਂਟ ਫੈਕਟਰ 2.57)
-
8ਵਾਂ ਤਨਖਾਹ ਕਮਿਸ਼ਨ: ਸ਼ੁਰੂਆਤੀ ਅੰਦਾਜ਼ੇ ਮੁਤਾਬਕ 20 ਤੋਂ 35 ਫ਼ੀਸਦੀ ਤੱਕ ਵਾਧਾ ਹੋ ਸਕਦਾ ਹੈ
ਫਿਟਮੈਂਟ ਫੈਕਟਰ 2.4 ਤੋਂ 3.0 ਦੇ ਦਰਮਿਆਨ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਖ਼ਾਸ ਕਰਕੇ ਨੀਵੇਂ ਦਰਜੇ ਦੇ ਕਰਮਚਾਰੀਆਂ ਨੂੰ ਵੱਡਾ ਲਾਭ ਮਿਲ ਸਕਦਾ ਹੈ। ਆਖ਼ਰੀ ਫ਼ੈਸਲਾ ਮਹਿੰਗਾਈ ਦਰ, ਸਰਕਾਰ ਦੀ ਵਿੱਤੀ ਸਥਿਤੀ ਅਤੇ ਟੈਕਸ ਆਮਦਨ ਵਰਗੇ ਕਾਰਕਾਂ ’ਤੇ ਨਿਰਭਰ ਕਰੇਗਾ।