ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੇਸ਼ ਦੇ ਟੋਲ ਸਿਸਟਮ ਵਿੱਚ ਇਤਿਹਾਸਕ ਬਦਲਾਅ ਦਾ ਐਲਾਨ ਕੀਤਾ ਹੈ। ਇਸ ਕ੍ਰਾਂਤੀਕਾਰੀ ਕਦਮ ਨਾਲ ਟੋਲ ਪਲਾਜ਼ਿਆਂ ‘ਤੇ ਲੰਬੀਆਂ ਕਤਾਰਾਂ ਖਤਮ ਹੋ ਜਾਣਗੀਆਂ। ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਦੌਰਾਨ ਗਡਕਰੀ ਨੇ ਕਿਹਾ ਕਿ ਜਲਦ ਹੀ ਦੇਸ਼ ਦੇ ਸਾਰੇ ਨੈਸ਼ਨਲ ਹਾਈਵੇਜ਼ ਤੋਂ ਟੋਲ ਨਾਕੇ ਹਟਾ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਸਰਕਾਰ ਇੱਕ ਐਸੀ ਸੀਮਲੇਸ ਟ੍ਰੈਫਿਕ ਯੋਜਨਾ ‘ਤੇ ਕੰਮ ਕਰ ਰਹੀ ਹੈ, ਜਿਸ ਅਧੀਨ ਟੋਲ ਦੇਣ ਲਈ ਵਾਹਨ ਨੂੰ ਰੋਕਣ ਦੀ ਲੋੜ ਨਹੀਂ ਪਵੇਗੀ।
ਬਿਨਾਂ ਰੁਕੇ ਕਟੇਗਾ ਟੋਲ
ਨਿਤਿਨ ਗਡਕਰੀ ਨੇ ਕਿਹਾ ਕਿ ਨਵੀਂ ਤਕਨੀਕ ਦੇ ਨਾਲ ਵਾਹਨ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਟੋਲ ਪੌਇੰਟ ਤੋਂ ਲੰਘ ਸਕਣਗੇ। ਉੱਥੇ ਨਾ ਕੋਈ ਬੈਰੀਅਰ ਹੋਵੇਗਾ ਅਤੇ ਨਾ ਹੀ ਕੋਈ ਨਾਕਾ। ਟੋਲ ਪੌਇੰਟ ‘ਤੇ ਲੱਗੇ ਹਾਈ-ਟੈਕ ਕੈਮਰੇ ਵਾਹਨ ਦੀ ਨੰਬਰ ਪਲੇਟ (ANPR ਤਕਨੀਕ) ਅਤੇ ਫਾਸਟੈਗ ਦੀ ਤਸਵੀਰ ਲੈਣਗੇ, ਜਿਸ ਤੋਂ ਬਾਅਦ ਟੋਲ ਦੀ ਰਕਮ ਸਿੱਧੀ ਵਾਹਨ ਮਾਲਕ ਦੇ ਲਿੰਕ ਕੀਤੇ ਬੈਂਕ ਖਾਤੇ ਤੋਂ ਕਟ ਜਾਵੇਗੀ।
‘ਜਿੰਨਾ ਚਲੋਗੇ, ਉਨਾ ਹੀ ਭੁਗਤਾਨ’
ਮੌਜੂਦਾ ਪ੍ਰਣਾਲੀ ਵਿੱਚ ਕਈ ਥਾਵਾਂ ‘ਤੇ ਵਾਹਨ ਚਾਲਕਾਂ ਨੂੰ ਪੂਰੇ ਸਟ੍ਰੈਚ ਦਾ ਟੋਲ ਦੇਣਾ ਪੈਂਦਾ ਸੀ, ਭਾਵੇਂ ਉਹ ਥੋੜੀ ਦੂਰੀ ਹੀ ਤੈਅ ਕਰਦੇ ਹੋਣ। ਨਵੀਂ ਨੀਤੀ ਹੇਠ ਇਸ ਪ੍ਰਣਾਲੀ ਨੂੰ ਬਦਲਿਆ ਗਿਆ ਹੈ। ਗਡਕਰੀ ਨੇ ਦੱਸਿਆ ਕਿ ਜੇ ਕਿਸੇ ਸੜਕ ਦਾ ਟੋਲ 60 ਕਿਲੋਮੀਟਰ ਲਈ ਤੈਅ ਹੈ ਅਤੇ ਵਾਹਨ ਸਿਰਫ਼ 15 ਕਿਲੋਮੀਟਰ ਹੀ ਚਲਦਾ ਹੈ, ਤਾਂ ਟੋਲ ਵੀ ਕੇਵਲ 15 ਕਿਲੋਮੀਟਰ ਦਾ ਹੀ ਕਟੇਗਾ। ਵਾਹਨ ਦੀ ਐਂਟਰੀ ਅਤੇ ਐਗਜ਼ਿਟ ਦੀ ਦੂਰੀ ਦਰਜ ਕੀਤੀ ਜਾਵੇਗੀ ਅਤੇ ਉਸੇ ਅਧਾਰ ‘ਤੇ ਭੁਗਤਾਨ ਹੋਵੇਗਾ।
₹3000 ਵਿੱਚ ਸਾਲ ਭਰ ਦਾ ਸਫ਼ਰ
ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਕੇਂਦਰੀ ਮੰਤਰੀ ਨੇ ਨਵੇਂ ਸਾਲਾਨਾ ਪਾਸ ਬਾਰੇ ਵੀ ਜਾਣਕਾਰੀ ਦਿੱਤੀ। ਹੁਣ ਸਿਰਫ਼ ₹3000 ਵਿੱਚ 205 ਵਾਰ ਟੋਲ ਪਾਰ ਕਰਨ ਦੀ ਸੁਵਿਧਾ ਮਿਲੇਗੀ। ਪਹਿਲਾਂ ਇੰਨੇ ਸਫ਼ਰਾਂ ਲਈ ਕਰੀਬ ₹15,000 ਖਰਚ ਕਰਨੇ ਪੈਂਦੇ ਸਨ। ਨਵੀਂ ਯੋਜਨਾ ਹੇਠ ਇੱਕ ਵਾਰ ਟੋਲ ਪਾਰ ਕਰਨ ਦੀ ਲਾਗਤ ਲਗਭਗ ₹15 ਰਹਿ ਜਾਵੇਗੀ। ਗਡਕਰੀ ਨੇ ਦੱਸਿਆ ਕਿ ਹੁਣ ਤੱਕ ਲਗਭਗ 40 ਲੱਖ ਲੋਕ ਇਹ ਸਾਲਾਨਾ ਪਾਸ ਲੈ ਚੁੱਕੇ ਹਨ।
ਇਸ ਨਵੇਂ ਸਿਸਟਮ ਨਾਲ ਨਾ ਸਿਰਫ਼ ਸਮਾਂ ਬਚੇਗਾ, ਸਗੋਂ ਇੰਧਨ ਦੀ ਖਪਤ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ।