ਰਾਜ ਸਭਾ ਵਿੱਚ ਬੁੱਧਵਾਰ ਨੂੰ ਸੜਕ ਪਰਿਵਹਨ ਅਤੇ ਰਾਸ਼ਟਰੀ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਬਹੁ-ਲੇਨ ਨਿਰਵਿਘਨ ਆਵਾਜਾਈ (MLFF) ਟੋਲ ਪ੍ਰਣਾਲੀ ਅਤੇ ਏਆਈ-ਅਧਾਰਿਤ ਹਾਈਵੇ ਮੈਨੇਜਮੈਂਟ ਨੂੰ 2026 ਦੇ ਅਖੀਰ ਤੱਕ ਦੇਸ਼ ਭਰ ਵਿੱਚ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਵੇਗਾ। ਇਸ ਦੇ ਲਾਗੂ ਹੋਣ ਨਾਲ ਟੋਲ ਪਲਾਜ਼ਿਆਂ ‘ਤੇ ਵਾਹਨਾਂ ਦੀ ਉਡੀਕ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ।
ਉੱਚ ਸਦਨ ਵਿੱਚ ਪ੍ਰਸ਼ਨਕਾਲ ਦੌਰਾਨ ਪੂਰਕ ਪ੍ਰਸ਼ਨਾਂ ਦੇ ਜਵਾਬ ਦਿੰਦਿਆਂ ਗਡਕਰੀ ਨੇ ਕਿਹਾ ਕਿ ਨਵੀਂ ਟੈਕਨੋਲੋਜੀ ਏਆਈ-ਅਧਾਰਿਤ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਯਾਤਰੀਆਂ ਨੂੰ ਟੋਲ ਨਾਕਿਆਂ ‘ਤੇ ਰੁਕਣਾ ਨਹੀਂ ਪਵੇਗਾ, 1,500 ਕਰੋੜ ਰੁਪਏ ਦੇ ਈਂਧਨ ਦੀ ਬਚਤ ਹੋਵੇਗੀ ਅਤੇ ਸਰਕਾਰ ਦੀ ਆਮਦਨ ਵਿੱਚ ਲਗਭਗ 6,000 ਕਰੋੜ ਰੁਪਏ ਦਾ ਵਾਧਾ ਹੋਵੇਗਾ।
‘ਟੋਲ ‘ਤੇ ਕਿਸੇ ਨੂੰ ਨਹੀਂ ਰੋਕਿਆ ਜਾਵੇਗਾ’
ਗਡਕਰੀ ਨੇ ਸਦਨ ਵਿੱਚ ਕਿਹਾ, “ਬਹੁ-ਲੇਨ ਨਿਰਵਿਘਨ ਆਵਾਜਾਈ ਟੋਲ (MLFF) ਇੱਕ ਬਹੁਤ ਵਧੀਆ ਸੁਵਿਧਾ ਹੈ। ਪਹਿਲਾਂ ਟੋਲ ਭੁਗਤਾਨ ਵਿੱਚ ਤਿੰਨ ਤੋਂ 10 ਮਿੰਟ ਲੱਗਦੇ ਸਨ, ਫਿਰ ਫਾਸਟੈਗ ਨਾਲ ਇਹ ਸਮਾਂ 60 ਸਕਿੰਟ ਜਾਂ ਇਸ ਤੋਂ ਘੱਟ ਹੋ ਗਿਆ। ਇਸ ਨਾਲ ਸਾਡੀ ਆਮਦਨ ਵਿੱਚ ਘੱਟੋ-ਘੱਟ 5,000 ਕਰੋੜ ਰੁਪਏ ਦਾ ਵਾਧਾ ਹੋਇਆ। MLFF ਦੇ ਆਉਣ ਤੋਂ ਬਾਅਦ ਫਾਸਟੈਗ ਦੀ ਥਾਂ ਲੈਂਦਿਆਂ ਕਾਰਾਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਬਿਨਾਂ ਰੁਕੇ ਟੋਲ ਪਾਰ ਕਰ ਸਕਣਗੀਆਂ।”
ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਟੋਲ ‘ਤੇ ਉਡੀਕ ਸਮਾਂ ਸ਼ੂਨ੍ਹ ਕਰਨਾ ਹੈ ਅਤੇ ਇਸ ਲਈ ਏਆਈ, ਸੈਟੇਲਾਈਟ ਰਾਹੀਂ ਨੰਬਰ ਪਲੇਟ ਦੀ ਪਛਾਣ ਅਤੇ ਫਾਸਟੈਗ ਤਕਨੀਕ ਵਰਤੀ ਜਾਵੇਗੀ।
‘1,500 ਕਰੋੜ ਰੁਪਏ ਦੀ ਬਚਤ ਹੋਵੇਗੀ’
ਗਡਕਰੀ ਨੇ ਮੈਂਬਰਾਂ ਨੂੰ ਕਿਹਾ, “2026 ਤੱਕ ਅਸੀਂ ਇਹ ਕੰਮ 100 ਫੀਸਦੀ ਪੂਰਾ ਕਰ ਲਵਾਂਗੇ। ਇਸ ਤੋਂ ਬਾਅਦ 1,500 ਕਰੋੜ ਰੁਪਏ ਦੀ ਬਚਤ ਹੋਵੇਗੀ, ਸਰਕਾਰੀ ਆਮਦਨ ਵਿੱਚ ਹੋਰ 6,000 ਕਰੋੜ ਰੁਪਏ ਦਾ ਵਾਧਾ ਹੋਵੇਗਾ ਅਤੇ ਟੋਲ ਚੋਰੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਲੋਕਾਂ ਨੂੰ ਟੋਲ ਪਲਾਜ਼ਾ ‘ਤੇ ਰੁਕਣਾ ਨਹੀਂ ਪਵੇਗਾ।”
ਉਨ੍ਹਾਂ ਕਿਹਾ ਕਿ ਨਵੀਂ ਟੈਕਨੋਲੋਜੀ ਨਾਲ ਯਾਤਰਾ ਦਾ ਸਮਾਂ ਘਟੇਗਾ ਅਤੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਮੰਤਰੀ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਸਿਰਫ਼ ਰਾਸ਼ਟਰੀ ਰਾਜਮਾਰਗਾਂ ਲਈ ਜ਼ਿੰਮੇਵਾਰ ਹੈ, ਨਾ ਕਿ ਰਾਜ ਮਾਰਗਾਂ ਜਾਂ ਸ਼ਹਿਰੀ ਸੜਕਾਂ ਲਈ। ਉਨ੍ਹਾਂ ਕਿਹਾ ਕਿ ਕਈ ਵਾਰ ਸੋਸ਼ਲ ਮੀਡੀਆ ‘ਤੇ ਰਾਜ ਜਾਂ ਸ਼ਹਿਰੀ ਸੜਕਾਂ ਦੀਆਂ ਸਮੱਸਿਆਵਾਂ ਨੂੰ ਰਾਸ਼ਟਰੀ ਰਾਜਮਾਰਗਾਂ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਹੈ। ਗਡਕਰੀ ਨੇ ਦੱਸਿਆ ਕਿ ਸਰਕਾਰ ਪ੍ਰਣਾਲੀ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ-ਮੁਕਤ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।