IPL 2026 ਦੀ ਮਿਨੀ ਨਿਲਾਮੀ ਅਨਕੈਪਡ ਭਾਰਤੀ ਕ੍ਰਿਕਟਰ ਪ੍ਰਸ਼ਾਂਤ ਵੀਰ ਲਈ ਜ਼ਿੰਦਗੀ ਬਦਲਣ ਵਾਲਾ ਪਲ ਸਾਬਤ ਹੋਈ। ਚੇਨਈ ਸੁਪਰ ਕਿੰਗਜ਼ (CSK) ਨੇ ਉਸਨੂੰ 14.20 ਕਰੋੜ ਰੁਪਏ ਦੀ ਰਿਕਾਰਡ ਕੀਮਤ ‘ਤੇ ਖਰੀਦਿਆ। ਪ੍ਰਸ਼ਾਂਤ ਦੇ ਨਾਲ ਹੀ ਵਿਕਟਕੀਪਰ-ਬੱਲੇਬਾਜ਼ ਕਾਰਤਿਕ ਸ਼ਰਮਾ ਨੂੰ ਵੀ ਸੀਐਸਕੇ ਨੇ ਇਕੋ ਕੀਮਤ ‘ਤੇ ਖਰੀਦਿਆ, ਜਿਸ ਨਾਲ ਦੋਵੇਂ IPL ਨਿਲਾਮੀ ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਅਨਕੈਪਡ ਖਿਡਾਰੀ ਬਣ ਗਏ।
ਉੱਤਰ ਪ੍ਰਦੇਸ਼ ਦੇ ਅਮੇਠੀ ਵਿੱਚ ਰਹਿਣ ਵਾਲੇ ਪ੍ਰਸ਼ਾਂਤ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਨੇ ਆਪਣੇ ਪੁੱਤਰ ਨੂੰ ਕੈਸ਼-ਰਿਚ ਲੀਗ ਦਾ ਹਿੱਸਾ ਬਣਦਾ ਦੇਖ ਕੇ ਖੁਸ਼ੀ ਮਨਾਈ।
ANI ਨਾਲ ਗੱਲਬਾਤ ਕਰਦਿਆਂ ਪ੍ਰਸ਼ਾਂਤ ਦੀ ਮਾਂ ਅੰਜਨਾ ਤ੍ਰਿਪਾਠੀ ਨੇ ਇਸਨੂੰ ਪਰਿਵਾਰ ਲਈ ਮਾਣ ਦਾ ਪਲ ਦੱਸਿਆ। ਉਨ੍ਹਾਂ ਕਿਹਾ, “ਇਹ ਬਹੁਤ ਵਧੀਆ ਖ਼ਬਰ ਹੈ। ਉਸਨੇ ਸਾਨੂੰ ਮਾਣ ਮਹਿਸੂਸ ਕਰਵਾਇਆ ਹੈ। ਅਸੀਂ ਸਭ ਬਹੁਤ ਖੁਸ਼ ਹਾਂ। ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਪੁੱਤਰ IPL ਖੇਡੇਗਾ।”
ਉਨ੍ਹਾਂ ਦੱਸਿਆ ਕਿ ਨਿਲਾਮੀ ਦੇ ਸਮੇਂ ਸਾਰਾ ਪਰਿਵਾਰ ਇਕੱਠਾ ਬੈਠ ਕੇ ਟੀਵੀ ਦੇਖ ਰਿਹਾ ਸੀ। “ਜਦੋਂ ਸਕ੍ਰੀਨ ‘ਤੇ ਉਸਦਾ ਨਾਮ ਆਇਆ ਤਾਂ ਸਭ ਬਹੁਤ ਉਤਸ਼ਾਹਿਤ ਹੋ ਗਏ। ਬਿਡਿੰਗ ਸ਼ੁਰੂ ਹੋਈ ਤਾਂ ਸਾਡੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ।”
ਪ੍ਰਸ਼ਾਂਤ ਦੇ ਬਚਪਨ ਬਾਰੇ ਗੱਲ ਕਰਦਿਆਂ ਮਾਂ ਨੇ ਕਿਹਾ ਕਿ ਉਹ ਸ਼ਰਾਰਤੀ ਪਰ ਆਗਿਆਕਾਰੀ ਬੱਚਾ ਸੀ ਅਤੇ ਪੜ੍ਹਾਈ ਵਿੱਚ ਵੀ ਚੰਗਾ ਸੀ। ਉਨ੍ਹਾਂ ਹੋਰ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਸੁਪਨਿਆਂ ਦਾ ਸਮਰਥਨ ਜ਼ਰੂਰ ਕਰਨ।
ਪ੍ਰਸ਼ਾਂਤ ਦੇ ਪਿਤਾ ਰਮੇੰਦਰ ਤ੍ਰਿਪਾਠੀ ਨੇ ਇਸ ਪਲ ਨੂੰ “ਸੁਪਨਾ ਸਾਕਾਰ ਹੋਣਾ” ਦੱਸਿਆ। ਉਨ੍ਹਾਂ ਕਿਹਾ, “ਹਰ ਕ੍ਰਿਕਟਰ ਦਾ ਸੁਪਨਾ ਹੁੰਦਾ ਹੈ ਕਿ ਉਹ IPL ਖੇਡੇ ਅਤੇ ਅੱਜ ਉਸਦਾ ਸੁਪਨਾ ਪੂਰਾ ਹੋ ਗਿਆ ਹੈ। ਖੇਡ ਵਿੱਚ ਉਹ ਹਮੇਸ਼ਾ ਹੀ ਬਹੁਤ ਵਧੀਆ ਰਿਹਾ ਹੈ। ਫੁੱਟਬਾਲ ਵਿੱਚ ਵੀ ਉਹ ਚੰਗਾ ਸੀ। ਸਾਰੀ ਮਿਹਨਤ ਪ੍ਰਸ਼ਾਂਤ ਦੀ ਆਪਣੀ ਹੈ, ਅਸੀਂ ਸਿਰਫ਼ ਉਸਦੀ ਆਰਥਿਕ ਅਤੇ ਜਜ਼ਬਾਤੀ ਤੌਰ ‘ਤੇ ਮਦਦ ਕੀਤੀ।”
ਉਨ੍ਹਾਂ ਇਹ ਵੀ ਕਿਹਾ, “ਇਹ ਪੈਸਿਆਂ ਦੀ ਗੱਲ ਨਹੀਂ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਆਪਣੀ ਮਨਪਸੰਦ ਟੀਮ ‘ਚ ਗਿਆ ਹੈ। ਉਹ ਹਮੇਸ਼ਾ MS ਧੋਨੀ ਨਾਲ ਖੇਡਣਾ ਚਾਹੁੰਦਾ ਸੀ ਅਤੇ ਹੁਣ ਉਸਨੂੰ ਇਹ ਮੌਕਾ ਮਿਲ ਗਿਆ ਹੈ।”