ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਤੋਂ ਮਨੁੱਖਤਾ ਨੂੰ ਹਿਲਾ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਾਗਭੀੜ ਤਹਿਸੀਲ ਦੇ ਮਿੰਥੁਰ ਪਿੰਡ ਵਿੱਚ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਨੂੰ ਸੂਦਖੋਰਾਂ ਦਾ ਪੈਸਾ ਚੁਕਾਉਣ ਲਈ ਆਪਣੀ ਕਿਡਨੀ ਵੇਚਣ ਲਈ ਮਜਬੂਰ ਹੋਣਾ ਪਿਆ।
ਪੀੜਤ ਕਿਸਾਨ ਰੋਸ਼ਨ ਸਦਾਸ਼ਿਵ ਕੁਡੇ ਕੋਲ ਚਾਰ ਏਕੜ ਖੇਤੀਬਾੜੀ ਦੀ ਜ਼ਮੀਨ ਸੀ, ਜਿਸ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਖੇਤੀ ਵਿੱਚ ਲਗਾਤਾਰ ਨੁਕਸਾਨ ਕਾਰਨ ਉਸਨੇ ਡੈਅਰੀ ਕਾਰੋਬਾਰ ਸ਼ੁਰੂ ਕਰਨ ਲਈ ਵੱਖ-ਵੱਖ ਸੂਦਖੋਰਾਂ ਤੋਂ ਕਰੀਬ ਇੱਕ ਲੱਖ ਰੁਪਏ ਕਰਜ਼ਾ ਲਿਆ। ਪਰ ਕਿਸਮਤ ਨੇ ਸਾਥ ਨਾ ਦਿੱਤਾ—ਖਰੀਦੀਆਂ ਗਾਂਵਾਂ ਮਰ ਗਈਆਂ ਅਤੇ ਫ਼ਸਲ ਵੀ ਬਰਬਾਦ ਹੋ ਗਈ।
ਸੂਦਖੋਰਾਂ ਨੇ ਕਰਜ਼ੇ ’ਤੇ ਦਿਨ ਦੇ 10 ਹਜ਼ਾਰ ਰੁਪਏ ਦੇ ਹਿਸਾਬ ਨਾਲ ਵਿਆਜ ਲਗਾਇਆ। ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਇੱਕ ਲੱਖ ਦਾ ਕਰਜ਼ਾ 74 ਲੱਖ ਰੁਪਏ ਬਣ ਗਿਆ। ਪੈਸਾ ਚੁਕਾਉਣ ਲਈ ਰੋਸ਼ਨ ਨੇ ਦੋ ਏਕੜ ਜ਼ਮੀਨ, ਟਰੈਕਟਰ ਅਤੇ ਘਰ ਦਾ ਕੀਮਤੀ ਸਮਾਨ ਵੀ ਵੇਚ ਦਿੱਤਾ, ਪਰ ਫਿਰ ਵੀ ਕਰਜ਼ਾ ਖਤਮ ਨਾ ਹੋਇਆ।
ਜਦੋਂ ਸਭ ਕੁਝ ਵਿਕ ਗਿਆ, ਤਾਂ ਇੱਕ ਸੂਦਖੋਰ ਨੇ ਉਸਨੂੰ ਕਿਡਨੀ ਵੇਚਣ ਦੀ ਸਲਾਹ ਦਿੱਤੀ। ਇੱਕ ਏਜੰਟ ਰਾਹੀਂ ਪਹਿਲਾਂ ਉਸਨੂੰ ਕੋਲਕਾਤਾ ਲਿਜਾਇਆ ਗਿਆ, ਜਿੱਥੇ ਮੈਡੀਕਲ ਜਾਂਚ ਹੋਈ। ਇਸ ਤੋਂ ਬਾਅਦ ਉਸਨੂੰ ਕਾਂਬੋਡੀਆ ਭੇਜਿਆ ਗਿਆ, ਜਿੱਥੇ ਸਰਜਰੀ ਰਾਹੀਂ ਉਸਦੀ ਕਿਡਨੀ ਕੱਢ ਲਈ ਗਈ। ਕਿਡਨੀ 8 ਲੱਖ ਰੁਪਏ ਵਿੱਚ ਵੇਚੀ ਗਈ, ਪਰ ਇਸ ਦੇ ਬਾਵਜੂਦ ਵੀ ਸੂਦਖੋਰਾਂ ਦੀ ਲਾਲਚ ਖਤਮ ਨਾ ਹੋਈ।
ਰੋਸ਼ਨ ਕੁਡੇ ਦਾ ਦੋਸ਼ ਹੈ ਕਿ ਉਸਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਕੋਲ ਕੀਤੀ ਸੀ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਉਸਦਾ ਕਹਿਣਾ ਹੈ ਕਿ ਜੇ ਪ੍ਰਸ਼ਾਸਨ ਸਮੇਂ ਸਿਰ ਕਾਰਵਾਈ ਕਰਦਾ, ਤਾਂ ਅੱਜ ਉਸਨੂੰ ਇਸ ਭਿਆਨਕ ਸਰੀਰਕ ਤੇ ਮਾਨਸਿਕ ਦਰਦ ਤੋਂ ਨਹੀਂ ਗੁਜ਼ਰਨਾ ਪੈਂਦਾ।