ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਨੂੰ ਲੋਕਸਭਾ ਵਿੱਚ ਵਿਕਸਿਤ ਭਾਰਤ ਜੀ ਰਾਮ ਜੀ (VBGRG) ਬਿੱਲ ਪੇਸ਼ ਕੀਤਾ, ਜਿਸ ਤੋਂ ਬਾਅਦ ਸਦਨ ਵਿੱਚ ਭਾਰੀ ਹੰਗਾਮਾ ਹੋਇਆ। ਵਿਰੋਧੀ ਧਿਰ ਨੇ ਸਰਕਾਰ ’ਤੇ ਮਨਰੇਗਾ ਯੋਜਨਾ ਤੋਂ ਮਹਾਤਮਾ ਗਾਂਧੀ ਦਾ ਨਾਮ ਹਟਾਉਣ ਦੇ ਦੋਸ਼ ਲਗਾਉਂਦੇ ਹੋਏ ਤਿੱਖਾ ਵਿਰੋਧ ਕੀਤਾ। ਕੁਝ ਵਿਰੋਧੀ ਸਾਂਸਦ ਤਾਂ ਪੁਰਾਣੀ ਸੰਸਦ ਭਵਨ ਦੇ ਪੋਰਚ ’ਤੇ ਚੜ੍ਹ ਕੇ ਪ੍ਰਦਰਸ਼ਨ ਕਰਦੇ ਵੀ ਨਜ਼ਰ ਆਏ। ਪੋਰਚ ’ਤੇ ਸੱਤ ਸਾਂਸਦ ਚੜ੍ਹੇ ਹੋਏ ਸਨ, ਜਿਨ੍ਹਾਂ ਦੇ ਹੱਥਾਂ ਵਿੱਚ ਬਿੱਲ ਦੇ ਵਿਰੋਧ ਵਾਲੇ ਪੋਸਟਰ ਸਨ।
ਇਸ ਤੋਂ ਪਹਿਲਾਂ ਵੀ ਲੋਕਸਭਾ ਅੰਦਰ ਵਿਰੋਧੀ ਸਾਂਸਦਾਂ ਨੇ ਮਹਾਤਮਾ ਗਾਂਧੀ ਦਾ ਨਾਮ ਹਟਾਉਣ ਅਤੇ ਬਿੱਲ ਵਿੱਚ ਵੱਡੇ ਬਦਲਾਵਾਂ ਦਾ ਵਿਰੋਧ ਕੀਤਾ।
ਕਾਂਗਰਸ ਸਾਂਸਦ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੰਸਦ ਤੋਂ ਬਾਹਰ ਵਿਰੋਧ ਮਾਰਚ ਦੌਰਾਨ ਕਿਹਾ, “ਅਸਲ ਗੱਲ ਇਹ ਹੈ ਕਿ ਯੋਜਨਾ ਦਾ ਨਾਮ ਬਦਲਣ ਦੀ ਆੜ ਵਿੱਚ ਕੇਂਦਰ ਸਰਕਾਰ ਇਸ ਯੋਜਨਾ ਨੂੰ ਖਤਮ ਕਰਨਾ ਚਾਹੁੰਦੀ ਹੈ। ਉਹ ਇਸ ਯੋਜਨਾ ਦਾ ਨਾਮ ਕਿਉਂ ਬਦਲਣਾ ਚਾਹੁੰਦੇ ਹਨ? ਮਹਾਤਮਾ ਗਾਂਧੀ ਰਾਸ਼ਟਰਪਿਤਾ ਹਨ।”
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮਨਰੇਗਾ ਕਾਨੂੰਨ ਦੀ ਥਾਂ ਲਿਆਂਦਾ ਗਿਆ ਨਵਾਂ ਬਿੱਲ ਪਿੰਡਾਂ ਦੇ ਮਜ਼ਦੂਰਾਂ ਨੂੰ ਮਿਲੇ ਕੰਮ ਦੇ ਅਧਿਕਾਰ ਨੂੰ ਕਮਜ਼ੋਰ ਕਰੇਗਾ ਅਤੇ ਇਹ ਸੰਵਿਧਾਨ ਦੀ ਆਤਮਾ ਦੇ ਖ਼ਿਲਾਫ਼ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਪੰਚਾਇਤੀ ਰਾਜ ਪ੍ਰਣਾਲੀ ਵੀ ਕਮਜ਼ੋਰ ਹੋਵੇਗੀ, ਕਿਉਂਕਿ ਮਨਰੇਗਾ ਲਾਗੂ ਕਰਨ ਵਿੱਚ ਗ੍ਰਾਮ ਸਭਾਵਾਂ ਦੀ ਭੂਮਿਕਾ ਘਟਾਈ ਜਾ ਰਹੀ ਹੈ। ਉਨ੍ਹਾਂ ਵਿੱਤੀ ਢਾਂਚੇ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਹੁਣ ਤੱਕ ਮਨਰੇਗਾ ਦੇ ਕੁੱਲ ਖ਼ਰਚ ਦਾ ਲਗਭਗ 90 ਫ਼ੀਸਦੀ ਕੇਂਦਰ ਸਰਕਾਰ ਭਰਦੀ ਸੀ, ਪਰ ਨਵੇਂ ਬਿੱਲ ਹੇਠ ਬਹੁਤੇ ਰਾਜਾਂ ਵਿੱਚ ਕੇਂਦਰ ਸਿਰਫ਼ 60 ਫ਼ੀਸਦੀ ਖ਼ਰਚ ਹੀ ਦੇਵੇਗੀ। ਪ੍ਰਿਯੰਕਾ ਗਾਂਧੀ ਨੇ ਬਿੱਲ ਨੂੰ ਸਟੈਂਡਿੰਗ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ।
ਮਹਾਤਮਾ ਗਾਂਧੀ ਦਾ ਨਾਮ ਹਟਾਉਣ ਦੇ ਦੋਸ਼ਾਂ ’ਤੇ ਸ਼ਿਵਰਾਜ ਸਿੰਘ ਚੌਹਾਨ ਨੇ ਜਵਾਬ ਦਿੰਦਿਆਂ ਕਿਹਾ, “ਬਾਪੂ ਸਾਡੇ ਦਿਲਾਂ ਵਿੱਚ ਵੱਸਦੇ ਹਨ। ਅਸੀਂ ਬਾਪੂ ਦਾ ਨਾਮ ਹਟਾ ਕੇ ਕਿਸੇ ਦਾ ਅਪਮਾਨ ਨਹੀਂ ਕਰ ਰਹੇ।” ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਜਵਾਹਰ ਰੋਜ਼ਗਾਰ ਯੋਜਨਾ ਚਲਾਈ ਸੀ ਅਤੇ ਬਾਅਦ ਵਿੱਚ ਜਵਾਹਰਲਾਲ ਨੇਹਰੂ ਦਾ ਨਾਮ ਹਟਾ ਦਿੱਤਾ ਗਿਆ ਸੀ, ਪਰ ਇਸਦਾ ਮਤਲਬ ਇਹ ਨਹੀਂ ਕਿ ਨੇਹਰੂ ਦਾ ਅਦਬ ਨਹੀਂ ਕੀਤਾ ਗਿਆ।
ਲਗਾਤਾਰ ਹੰਗਾਮੇ ਕਾਰਨ ਲੋਕਸਭਾ ਨੂੰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵਿਰੋਧੀ ਸਾਂਸਦ ਸੰਸਦ ਪਰਿਸਰ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਕੋਲ ਪ੍ਰਦਰਸ਼ਨ ਕਰਦੇ ਰਹੇ।
ਸਮਾਜਵਾਦੀ ਪਾਰਟੀ ਦੇ ਸਾਂਸਦ ਧਰਮਿੰਦਰ ਯਾਦਵ ਨੇ ਕਿਹਾ ਕਿ ਸਪਾ ਇਸ ਬਿੱਲ ਦਾ ਜ਼ੋਰਦਾਰ ਵਿਰੋਧ ਕਰਦੀ ਹੈ ਅਤੇ ਇਸ ਰਾਹੀਂ ਕੇਂਦਰ ਸਰਕਾਰ ਆਪਣਾ ਬੋਝ ਘਟਾ ਕੇ ਰਾਜਾਂ ’ਤੇ ਬੋਝ ਵਧਾ ਰਹੀ ਹੈ।
ਐਨਸੀਪੀ ਸਾਂਸਦ ਸੁਪ੍ਰਿਆ ਸੁਲੇ ਨੇ ਵੀ ਬਿੱਲ ਦਾ ਕੜਾ ਵਿਰੋਧ ਕਰਦੇ ਹੋਏ ਕਿਹਾ ਕਿ ਸਿਰਫ਼ ਨਾਮ ਬਦਲਣ ਨਾਲ ਕੁਝ ਨਹੀਂ ਹੋਵੇਗਾ ਅਤੇ ਬਿੱਲ ਨੂੰ ਸਟੈਂਡਿੰਗ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਹੈ।
ਇਸ ਦੌਰਾਨ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਸ਼ਾਇਰਾਨਾ ਅੰਦਾਜ਼ ਵਿੱਚ ਬਿੱਲ ਦਾ ਵਿਰੋਧ ਕਰਦਿਆਂ ਕਿਹਾ, “ਦੇਖੋ ਦੀਵਾਨੋ ਇਹ ਕੰਮ ਨਾ ਕਰੋ, ਰਾਮ ਦੇ ਨਾਮ ਨੂੰ ਬਦਨਾਮ ਨਾ ਕਰੋ,” ਅਤੇ ਮਹਾਤਮਾ ਗਾਂਧੀ ਦਾ ਨਾਮ ਹਟਾਉਣ ’ਤੇ ਐਤਰਾਜ਼ ਜਤਾਇਆ।