ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਸੋਮਵਾਰ ਨੂੰ ਹੋਏ ਇੱਕ ਸਰਕਾਰੀ ਸਮਾਗਮ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਆਯੁਸ਼ ਡਾਕਟਰਾਂ ਨੂੰ ਨਿਯੁਕਤੀ ਪੱਤਰ ਵੰਡਣ ਸਮੇਂ ਇੱਕ ਮਹਿਲਾ ਡਾਕਟਰ ਦਾ ਹਿਜਾਬ ਹਟਾਉਣ ਦੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵਾਇਰਲ ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਨਿਯੁਕਤੀ ਪੱਤਰ ਦਿੰਦੇ ਸਮੇਂ ਮੁੱਖ ਮੰਤਰੀ ਨਿਤੀਸ਼ ਕੁਮਾਰ ਇੱਕ ਮੁਸਲਿਮ ਮਹਿਲਾ ਡਾਕਟਰ ਦੇ ਚਿਹਰੇ ਤੋਂ ਹਿਜਾਬ ਖਿੱਚ ਦਿੰਦੇ ਹਨ। ਇਸ ਦੌਰਾਨ ਮੰਚ ‘ਤੇ ਮੌਜੂਦ ਡਿਪਟੀ ਸੀਐਮ ਸਮਰਾਟ ਚੌਧਰੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਪਰ ਤਦ ਤੱਕ ਘਟਨਾ ਵਾਪਰ ਚੁੱਕੀ ਸੀ।
ਇਹ ਮਾਮਲਾ ਸੋਮਵਾਰ ਨੂੰ ਪਟਨਾ ਵਿੱਚ ਹੋਏ ਉਸ ਸਮਾਗਮ ਦਾ ਹੈ, ਜਿੱਥੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 1283 ਆਯੁਸ਼ ਡਾਕਟਰਾਂ (ਆਯੁਰਵੇਦ, ਹੋਮਿਓਪੈਥੀ ਅਤੇ ਯੂਨਾਨੀ) ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਡਿਪਟੀ ਸੀਐਮ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿੰਹਾ, ਮੰਤਰੀ ਵਿਜੇ ਕੁਮਾਰ ਚੌਧਰੀ ਅਤੇ ਸਿਹਤ ਮੰਤਰੀ ਮੰਗਲ ਪਾਂਡੇ ਵੀ ਮੰਚ ‘ਤੇ ਮੌਜੂਦ ਸਨ।
ਜਾਣਕਾਰੀ ਮੁਤਾਬਕ, ਜਦੋਂ ਨਵ-ਨਿਯੁਕਤ ਡਾਕਟਰਾਂ ਨੂੰ ਇੱਕ-ਇੱਕ ਕਰਕੇ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਸਨ, ਉਸ ਸਮੇਂ ਮਹਿਲਾ ਡਾਕਟਰ ਨੁਸਰਤ ਪਰਵੀਣ ਦਾ ਨੰਬਰ ਆਇਆ। ਨੁਸਰਤ ਪਰਵੀਣ ਹਿਜਾਬ ਪਹਿਨ ਕੇ ਮੰਚ ‘ਤੇ ਪਹੁੰਚੀ। ਮੁੱਖ ਮੰਤਰੀ ਨੇ ਪਹਿਲਾਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤਾ ਅਤੇ ਫਿਰ ਉਨ੍ਹਾਂ ਦੇ ਹਿਜਾਬ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ “ਇਹ ਕੀ ਪਾਇਆ ਹੋਇਆ ਹੈ” ਅਤੇ ਹਿਜਾਬ ਹਟਾ ਦਿੱਤਾ।
ਵੀਡੀਓ ਸਾਹਮਣੇ ਆਉਣ ਮਗਰੋਂ ਇਸ ਘਟਨਾ ‘ਤੇ ਸਿਆਸੀ ਅਤੇ ਸਮਾਜਿਕ ਪੱਧਰ ‘ਤੇ ਤੀਖੀ ਪ੍ਰਤੀਕਿਰਿਆ ਆ ਰਹੀ ਹੈ। ਵਿਰੋਧੀ ਧਿਰ ਨੇ ਇਸਨੂੰ ਮਹਿਲਾਵਾਂ ਦੀ ਨਿੱਜਤਾ ਅਤੇ ਧਾਰਮਿਕ ਆਜ਼ਾਦੀ ਨਾਲ ਜੁੜਿਆ ਮਸਲਾ ਕਰਾਰ ਦਿੱਤਾ ਹੈ, ਜਦਕਿ ਸਰਕਾਰ ਵੱਲੋਂ ਹੁਣ ਤੱਕ ਇਸ ਮਾਮਲੇ ‘ਤੇ ਕੋਈ ਸਰਕਾਰੀ ਸਪਸ਼ਟੀਕਰਨ ਜਾਰੀ ਨਹੀਂ ਕੀਤਾ ਗਿਆ।