ਮੱਧ ਪ੍ਰਦੇਸ਼ ਵਿੱਚ ਨਕਸਲਵਾਦ ਵਿਰੁੱਧ ਲੜਾਈ ਨੇ ਸੋਮਵਾਰ ਸਵੇਰੇ ਇਤਿਹਾਸਿਕ ਮੋੜ ਲੈ ਲਿਆ। ਦੇਸ਼ ਦੇ ਸਭ ਤੋਂ ਖ਼ਤਰਨਾਕ ਅਤੇ 1 ਕਰੋੜ ਰੁਪਏ ਦੇ ਇਨਾਮੀ ਮਾਓਵਾਦੀ ਨੇਤਾ ਰਾਮਧੇਰ ਮੱਜੀ, ਜੋ ਸੈਂਟ੍ਰਲ ਕਮੇਟੀ ਮੈਂਬਰ (CCM) ਸੀ, ਨੇ ਆਪਣੇ 11 ਟਾਪ ਕਮਾਂਡਰਾਂ ਦੇ ਨਾਲ ਹਥਿਆਰ ਪਾ ਦਿੱਤੇ। ਇਸ ਨਾਲ ਮੱਧ ਪ੍ਰਦੇਸ਼ ਤੋਂ ਨਕਸਲਵਾਦ ਦਾ ਆਖ਼ਰੀ ਮਜ਼ਬੂਤ ਕਿਲ੍ਹਾ ਵੀ ਡਿੱਗ ਗਿਆ।
ਇਹ ਸਰੈਂਡਰ ਛੱਤੀਸਗੜ੍ਹ ਦੇ ਖੈਰਾਗੜ੍ਹ ਜ਼ਿਲ੍ਹੇ ਦੇ ਕੁਮ੍ਹੀ ਪਿੰਡ ਵਿੱਚ ਹੋਇਆ, ਜਿੱਥੇ ਰਾਮਧੇਰ ਨੇ ਆਪਣੀ AK-47 ਸੁਰੱਖਿਆ ਬਲਾਂ ਦੇ ਹਵਾਲੇ ਕਰ ਦਿੱਤੀ। ਉਸਦੇ ਨਾਲ DVCM ਅਤੇ ACM ਦਰਜੇ ਦੇ ਕਮਾਂਡਰ — ਚੰਦੂ ਉਸੇਂਡੀ, ਲਲਿਤਾ, ਜਾਣਕੀ, ਪ੍ਰੇਮ, ਰਾਮਸਿੰਘ ਦਾਦਾ ਅਤੇ ਸੁਕੇਸ਼ ਪੋਟਟਮ — ਵੀ ਹਥਿਆਰਾਂ ਸਮੇਤ ਸਾਹਮਣੇ ਆਏ। ਛੇ ਮਹਿਲਾ ਨਕਸਲੀਆਂ ਨੇ ਵੀ ਆਪਣੀਆਂ INSAS, SLR ਅਤੇ .303 ਰਾਈਫ਼ਲਾਂ surrender ਕਰ ਦਿੱਤੀਆਂ।
ਸੁਰੱਖਿਆ ਏਜੰਸੀਆਂ ਇਸਨੂੰ ਤਿੰਨ ਰਾਜਾਂ ’ਚ ਕਈ ਦਹਾਕਿਆਂ ਤੋਂ ਸਰਗਰਮ ਨਕਸਲ ਨੈੱਟਵਰਕ ਲਈ ਸਭ ਤੋਂ ਵੱਡਾ ਝਟਕਾ ਮੰਨ ਰਹੀਆਂ ਹਨ।
ਪਿਛਲੇ ਹਫ਼ਤੇ ਹੀ ਡਿੱਗ ਚੁੱਕੀ ਸੀ ਰਾਮਧੇਰ ਦੀ ਕਮਜ਼ੋਰ ਹੋ ਰਹੀ ਚੇਨ
ਕੁਝ ਦਿਨ ਪਹਿਲਾਂ ਮਹਾਰਾਸ਼ਟਰ ਦੇ ਗੋਂਦੀਆ ਜ਼ਿਲ੍ਹੇ ਵਿੱਚ 11 ਨਕਸਲੀਆਂ ਨੇ ਸਰੈਂਡਰ ਕੀਤਾ ਸੀ। ਉਸ ਤੋਂ ਬਾਅਦ ਰਾਮਧੇਰ ਦਾ ਨੈੱਟਵਰਕ ਲਗਭਗ ਟੁੱਟ ਗਿਆ ਸੀ ਅਤੇ ਉਹ ਕੇਵਲ ਕੁਝ ਹਥਿਆਰਬੰਦ ਕੈਡਰਾਂ ਨਾਲ ਦੱਖਣੀ ਜੰਗਲਾਂ ਵਿੱਚ ਲੁਕਿਆ ਹੋਇਆ ਸੀ।
ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਹੁਣ ਨਕਸਲੀ ਢਾਂਚੇ ਦੀ ਆਖ਼ਰੀ ਦਿਵਾਰ ਵੀ ਡਿੱਗੇਗੀ — ਅਤੇ ਆਖਿਰਕਾਰ ਉਹ ਹੋ ਗਿਆ।
24 ਘੰਟੇ ਪਹਿਲਾਂ ਹੋਇਆ ਵੱਡਾ ਸਰੈਂਡਰ
ਸਿਰਫ ਇੱਕ ਦਿਨ ਪਹਿਲਾਂ, ਮੱਧ ਪ੍ਰਦੇਸ਼ ਦੇ ਬਾਲਾਘਾਟ ਵਿੱਚ 10 ਵੱਡੇ ਨਕਸਲੀਆਂ ਨੇ 2.36 ਕਰੋੜ ਰੁਪਏ ਦੇ ਇਨਾਮ ਸਮੇਤ ਹਥਿਆਰ ਪਾਏ ਸਨ। ਇਸ ਨਾਲ ਦੱਖਣੀ ਜ਼ੋਨ ਵਿੱਚ ਨਕਸਲੀਆਂ ’ਤੇ ਦਬਾਅ ਹੋਰ ਵੱਧ ਗਿਆ ਸੀ।
ਸੁਰੱਖਿਆ ਦਲਾਂ ਦੇ ਮੁਤਾਬਕ, ਇਸ ਤਰ੍ਹਾਂ ਦੀਆਂ ਲਗਾਤਾਰ ਕਾਰਵਾਈਆਂ ਨਾਲ ਹੁਣ ਮੱਧ ਪ੍ਰਦੇਸ਼ ਨੂੰ ਲਗਭਗ ਨਕਸਲ-ਮੁਕਤ ਮੰਨਿਆ ਜਾ ਸਕਦਾ ਹੈ।