ਨਵੀਂ ਦਿੱਲੀ, 5 ਦਸੰਬਰ 2025:
ਭਾਰਤੀ ਰਿਜ਼ਰਵ ਬੈਂਕ (RBI) ਨੇ ਸ਼ੁੱਕਰਵਾਰ ਨੂੰ ਮੌਦ੍ਰਿਕ ਨੀਤੀ ਸਮੀਖਿਆ ਦੌਰਾਨ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਰੈਪੋ ਰੇਟ ’ਚ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ। ਇਸ ਕਟੌਤੀ ਨਾਲ ਰੈਪੋ ਰੇਟ 5.25 ਪ੍ਰਤੀਸ਼ਤ ’ਤੇ ਆ ਗਈ ਹੈ। ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਮੌਜੂਦਾ ਅਰਥਿਕ ਸਥਿਤੀ, ਘੱਟ ਮਹਿੰਗਾਈ ਅਤੇ ਮਜ਼ਬੂਤ ਵਿਕਾਸ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਇਸ ਨਾਲ ਘਰੇਲੂ ਕਰਜ਼ਿਆਂ, ਕਾਰ ਲੋਨ ਅਤੇ ਹੋਰ EMI ਦੇ ਬੋਝ ਵਿੱਚ ਰਾਹਤ ਆਉਣ ਦੀ ਉਮੀਦ ਹੈ।
RBI ਗਵਰਨਰ ਸੰਜੇ ਮਲਹੋਤਰਾ ਨੇ ਦੱਸਿਆ ਕਿ ਇਸ ਸਮੇਂ ਦੇਸ਼ ਵਿੱਚ ਮਹਿੰਗਾਈ 2.2 ਪ੍ਰਤੀਸ਼ਤ ਦੇ ਰਿਕਾਰਡ ਹੇਠਲੇ ਪੱਧਰ ’ਤੇ ਹੈ, ਜਦੋਂ ਕਿ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ GDP ਵਿਕਾਸ ਦਰ 8 ਪ੍ਰਤੀਸ਼ਤ ਦਰਜ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੀਮਤਾਂ ਵਿੱਚ ਸਥਿਰਤਾ ਅਤੇ ਮੰਗ ਵਿੱਚ ਸੁਧਾਰ ਨਾਲ ਅਰਥਵਿਵਸਥਾ ਮਜ਼ਬੂਤੀ ਦਰਸਾ ਰਹੀ ਹੈ।
GDP ਵਿਕਾਸ ਅਨੁਮਾਨ ਵਧਾਇਆ
RBI ਨੇ ਵਿੱਤੀ ਸਾਲ 2025-26 ਲਈ GDP ਵਿਕਾਸ ਅਨੁਮਾਨ ਨੂੰ 6.8% ਤੋਂ ਵਧਾ ਕੇ 7.3% ਕਰ ਦਿੱਤਾ ਹੈ। ਤਿਮਾਹੀ ਪੱਧਰ ’ਤੇ ਵੀ ਸੁਧਾਰ ਦੇ ਸੰਕੇਤ ਹਨ:
-
ਅਕਤੂਬਰ-ਦਸੰਬਰ 2025 ਲਈ ਅਨੁਮਾਨ 7.0%, ਜੋ ਪਹਿਲਾਂ 6.4% ਸੀ।
-
ਜਨਵਰੀ-ਮਾਰਚ 2026 ਲਈ ਅਨੁਮਾਨ 6.5%, ਜੋ ਪਹਿਲਾਂ 6.2% ਸੀ।
ਮਹਿੰਗਾਈ ਦੇ ਅਨੁਮਾਨਾਂ ਵਿੱਚ ਵੱਡੀ ਕਮੀ
ਮਹਿੰਗਾਈ ਮੋਰਚੇ ’ਤੇ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। RBI ਨੇ ਮੌਜੂਦਾ ਵਿੱਤੀ ਸਾਲ ਦੀ CPI ਮਹਿੰਗਾਈ ਦਾ ਔਸਤ ਅਨੁਮਾਨ 2.6% ਤੋਂ ਘਟਾ ਕੇ 2.0% ਕਰ ਦਿੱਤਾ ਹੈ।
ਅਰਥਵਿਵਸਥਾ ਲਈ ਤਿੰਨੋਂ ਪਾਸੋਂ ਰਾਹਤ
ਰੈਪੋ ਰੇਟ ਕਟੌਤੀ, ਮਜ਼ਬੂਤ GDP ਅਨੁਮਾਨ ਅਤੇ ਮਹਿੰਗਾਈ ਵਿੱਚ ਕਮੀ—ਇਹ ਤਿੰਨੇ ਹੀ ਤੱਤ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਆਉਣ ਵਾਲੇ ਮਹੀਨਿਆਂ ਵਿੱਚ ਅਰਥਵਿਵਸਥਾ ਨੂੰ ਵਧੀਆ ਗਤੀ ਮਿਲਣ ਦੀ ਸੰਭਾਵਨਾ ਹੈ ਅਤੇ ਆਮ ਜਨਤਾ ਲਈ ਕਰਜ਼ਿਆਂ ਦਾ ਬੋਝ ਘਟੇਗਾ।