ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਚਾਰ ਸਾਲ ਬਾਅਦ ਦੋ ਦਿਨਾਂ ਦੇ ਭਾਰਤ ਦੌਰੇ ‘ਤੇ ਨਵੀਂ ਦਿੱਲੀ ਪਹੁੰਚੇ, ਜਿੱਥੇ ਉਹ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿਖਰ ਵਾਰਤਾ ਕਰ ਰਹੇ ਹਨ। ਪੁਤਿਨ ਦਾ ਇਹ ਦੌਰਾ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਹੈ, ਜਿਸ ਕਾਰਨ ਇਹ ਮੀਟਿੰਗ ਵਿਸ਼ਵ ਧਿਆਨ ਦਾ ਕੇਂਦਰ ਬਣੀ ਹੋਈ ਹੈ। ਅਮਰੀਕਾ ਅਤੇ ਯੂਰਪੀ ਦੇਸ਼ ਭਾਰਤ ਨੂੰ ਰੂਸੀ ਤੇਲ ਖਰੀਦ ਘਟਾਉਣ ਲਈ ਕਹਿ ਰਹੇ ਹਨ, ਇਸ ਲਈ ਇਹ ਵਾਰਤਾ ਹੋਰ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਵਾਰਤਾ ਵਿੱਚ ਰੱਖਿਆ ਸਹਿਯੋਗ ਮਜ਼ਬੂਤ ਕਰਨਾ, ਵਪਾਰ ਨੂੰ ਬਾਹਰੀ ਦਬਾਅ ਤੋਂ ਬਚਾਉਣਾ, ਛੋਟੇ ਮੋਡੀਊਲਰ ਰੈੈਕਟਰਾਂ ‘ਤੇ ਸਹਿਕਾਰ ਅਤੇ ਭਾਰਤੀ ਮਜ਼ਦੂਰਾਂ ਨੂੰ ਰੂਸ ਵਿੱਚ ਰੋਜ਼ਗਾਰ ਮੌਕੇ ਦੇਣ ‘ਤੇ ਧਿਆਨ ਰਹੇਗਾ। ਦੋਵੇਂ ਦੇਸ਼ ਕਈ ਨਵੇਂ ਸਮਝੌਤਿਆਂ ‘ਤੇ ਦਸਤਖ਼ਤ ਕਰਨ ਦੀ ਤਿਆਰੀ ਵਿੱਚ ਹਨ।
ਦੌਰੇ ਦੇ ਪਹਿਲੇ ਦਿਨ ਮੋਦੀ ਅਤੇ ਪੁਤਿਨ ਨੇ ਇਕੱਠੇ ਕਾਰਪੂਲ ਕੀਤਾ ਅਤੇ ਪ੍ਰਾਈਵੇਟ ਡਿਨਰ ਕੀਤਾ, ਜਿਸ ਨੂੰ ਦੋਨਾਂ ਨੇਤਾਵਾਂ ਵਿੱਚ ਨਜ਼ਦੀਕੀ ਅਤੇ ਭਰੋਸੇ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਅੱਜ ਪੁਤਿਨ ਨੂੰ ਰਾਸ਼ਟਰਪਤੀ ਭਵਨ ਵਿੱਚ ਗਾਰਡ ਆਫ਼ ਆਨਰ ਮਿਲਿਆ ਅਤੇ ਉਹ ਰਾਜਘਾਟ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਵੀ ਗਏ।
ਪੁਤਿਨ ਨੇ ਮੋਦੀ ਦੀ ਨੇਤ੍ਰਤਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਹੈ ਕਿ ਭਾਰਤ ਕਿਸੇ ਦਬਾਅ ਅੱਗੇ ਨਹੀਂ ਝੁਕਦਾ। ਦਿੱਲੀ ਵਿੱਚ ਪੁਤਿਨ ਦੇ ਸਵਾਗਤ ਲਈ ਵਿਸ਼ਾਲ ਤਿਆਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਦੋਨਾਂ ਦੇਸ਼ਾਂ ਦੇ ਝੰਡੇ ਅਤੇ ਹੋਰ ਬੈਨਰ ਸ਼ਾਮਲ ਹਨ।
ਪੁਤਿਨ ਦੇ ਦੌਰੇ ਨੂੰ ਭਾਰਤ-ਰੂਸ ਦੋਸਤੀ ਅਤੇ ਰਣਨੀਤਿਕ ਸੁਤੰਤਰਤਾ ਦਾ ਮਹੱਤਵਪੂਰਨ ਸੰਕੇਤ ਮੰਨਿਆ ਜਾ ਰਿਹਾ ਹੈ।