ਸੂਰਤ ਦੇ ਪ੍ਰਸਿੱਧ ਇੰਜੀਨੀਅਰਿੰਗ ਸੰਸਥਾਨ ਸਰਦਾਰ ਵੱਲਭਭਾਈ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੋਲੋਜੀ (SVNIT) ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਕੰਪਿਊਟਰ ਸਾਇੰਸ ਵਿਭਾਗ ਦੇ ਤੀਸਰੇ ਸਾਲ ਦੇ ਵਿਦਿਆਰਥੀ ਅਦਵੈਤ ਨਾਇਰ ਨੇ 30 ਨਵੰਬਰ ਦੀ ਦੇਰ ਰਾਤ ਹੋਸਟਲ ਦੀ ਇਮਾਰਤ ਤੋਂ ਕੂਦ ਕੇ ਆਤਮਹੱਤਿਆ ਕਰ ਲਈ। ਅਦਵੈਤ ਕੇਰਲ ਦਾ ਰਹਿਣ ਵਾਲਾ ਸੀ, ਜਦਕਿ ਉਸਦੇ ਮਾਤਾ-ਪਿਤਾ ਓਮਾਨ ‘ਚ ਰਹਿੰਦੇ ਹਨ। ਪੰਜਵੀਂ ਮੰਜ਼ਿਲ ਤੋਂ ਕੂਦ ਕੇ ਹੋਈ ਮੌਤ ਰਵਿਵਾਰ ਰਾਤ ਕਰੀਬ 10:30 ਤੋਂ 11:00 ਵਜੇ ਦੇ ਵਿਚਕਾਰ ਅਦਵੈਤ ਨੇ ਭਾਭਾ ਭਵਨ ਬਾਏਜ਼ ਹੋਸਟਲ ਦੇ H ਬਲਾਕ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ ਵਿੱਚ ਸਨ ਸਾਇਨ ਗਲੋਬਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਐਂਬੂਲੈਂਸ ਦੇ ਦੇਰ ਨਾਲ ਪਹੁੰਚਣ ‘ਤੇ ਵਿਦਿਆਰਥੀਆਂ ਦਾ ਗੁੱਸਾ ਵਿਦਿਆਰਥੀਆਂ ਨੇ ਸੰਸਥਾਨ ਦੇ ਇਮਰਜੈਂਸੀ ਰਿਸਪਾਂਸ ਸਿਸਟਮ ‘ਤੇ ਸਖ਼ਤ ਸਵਾਲ ਉਠਾਏ ਹਨ। ਦੋਸ਼ ਹੈ ਕਿ ਘਟਨਾ ਦੀ ਜਾਣਕਾਰੀ ਦੇਣ ਦੇ ਬਾਵਜੂਦ ਐਂਬੂਲੈਂਸ ਤਕਰੀਬਨ 30 ਮਿੰਟ ਦੇ ਬਾਅਦ ਪਹੁੰਚੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਮੇਂ ‘ਤੇ ਮੈਡੀਕਲ ਮਦਦ ਮਿਲ ਜਾਂਦੀ ਤਾਂ ਸ਼ਾਇਦ ਅਦਵੈਤ ਦੀ ਜਾਨ ਬਚ ਸਕਦੀ ਸੀ। ਐਡਮਿਨਿਸਟ੍ਰੇਸ਼ਨ ਦੇ ਖ਼ਿਲਾਫ਼ ਰਾਤ ਭਰ ਰੋਸ ਪ੍ਰਦਰਸ਼ਨ ਅਦਵੈਤ ਦੀ ਮੌਤ ਅਤੇ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਕਾਰਨ ਸੰਸਥਾਨ ‘ਚ ਤਣਾਅ ਦਾ ਮਾਹੌਲ ਬਣ ਗਿਆ। ਸੈਂਕੜੇ ਵਿਦਿਆਰਥੀ ਐਡਮਿਨਿਸਟ੍ਰੇਟਿਵ ਬਿਲਡਿੰਗ ਦੇ ਬਾਹਰ ਇਕੱਠੇ ਹੋਏ ਅਤੇ ਤਿੱਖਾ ਵਿਰੋਧ ਕੀਤਾ। ਵਿਦਿਆਰਥੀਆਂ ਨੇ ਤੁਰੰਤ ਕਾਰਵਾਈ ਅਤੇ ਜ਼ਿੰਮੇਵਾਰੀ ਨਿਰਧਾਰਤ ਕਰਨ ਦੀ ਮੰਗ ਕੀਤੀ। ਚਾਰ ਮਹੀਨਿਆਂ ਦੀ ਗੈਰਹਾਜ਼ਰੀ ‘ਤੇ ਵੀ ਕਿਸੇ ਨੇ ਨਹੀਂ ਦਿੱਤਾ ਧਿਆਨ ਵਿਦਿਆਰਥੀਆਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਅਦਵੈਤ ਪਿਛਲੇ ਚਾਰ ਮਹੀਨਿਆਂ ਤੋਂ ਕਲਾਸਾਂ ਅਤੇ ਪ੍ਰੀਖਿਆਵਾਂ ਤੋਂ ਗੈਰਹਾਜ਼ਰ ਸੀ, ਪਰ ਸੰਸਥਾਨ ਨੇ ਇਸ ਬਾਰੇ ਕੋਈ ਸੰਜੀਦਗੀ ਨਹੀਂ ਦਿਖਾਈ। ਦਾਅਵਾ ਹੈ ਕਿ ਅਦਵੈਤ ਕੁਝ ਸਮੇ ਤੋਂ ਡਿਪ੍ਰੈਸ਼ਨ ਵਿੱਚ ਸੀ, ਪਰ ਹੋਸਟਲ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਨੇ ਨਾ ਤਾਂ ਪਰਿਵਾਰ ਨੂੰ ਸੁਚੇਤ ਕੀਤਾ ਅਤੇ ਨਾ ਹੀ ਕੋਈ ਸਹਾਇਕ ਕਦਮ ਚੁੱਕੇ। ਵਿਦਿਆਰਥੀ ਸੁਰੱਖਿਆ ‘ਤੇ ਵੱਡੇ ਸਵਾਲ ਇਸ ਘਟਨਾ ਨੇ SVNIT ਦੇ ਐਮਰਜੈਂਸੀ ਮਕੈਨਿਜ਼ਮ, ਵਿਦਿਆਰਥੀ ਸੁਰੱਖਿਆ ਅਤੇ ਪ੍ਰਸ਼ਾਸਨਿਕ ਸੰਵੇਦਨਸ਼ੀਲਤਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਦਿਆਰਥੀ ਮੰਗ ਕਰ ਰਹੇ ਹਨ ਕਿ ਅਦਵੈਤ ਨਾਇਰ ਦੀ ਮੌਤ ਲਈ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾਵੇ ਅਤੇ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ।