ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿੱਚ ਲਾਖਨਮਾਜਰਾ-ਜੀਂਦ ਰੋਡ 'ਤੇ ਐਤਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਦੋਂ ਦੋ ਸਕੂਲ ਬੱਸਾਂ ਦੀ ਆਪਸੀ ਟੱਕਰ ਹੋ ਗਈ। ਹਾਦਸੇ ਵਿੱਚ 7 ਤੋਂ 8 ਸਕੂਲੀ ਬੱਚੇ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਤੁਰੰਤ ਪੀਜੀਆਈਐਮਐਸ ਰੋਹਤਕ ਵਿੱਚ ਦਾਖਲ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਿਕ, ਇੱਕ ਬੱਸ ਬੱਚਿਆਂ ਨੂੰ ਸਕੂਲ ਲੈ ਜਾ ਰਹੀ ਸੀ ਜਦਕਿ ਦੂਜੀ ਬੱਸ ਵਿਆਹ ਸਮਾਰੋਹ ਤੋਂ ਬੱਚਿਆਂ ਨੂੰ ਵਾਪਸ ਲਿਆ ਰਹੀ ਸੀ। ਲਾਖਨਮਾਜਰਾ-ਜੀਂਦ ਰੋਡ 'ਤੇ ਤੇਜ਼ ਰਫ਼ਤਾਰ ਕਾਰਨ ਦੋਵੇਂ ਬੱਸਾਂ ਦੀ ਜ਼ਬਰਦਸਤ ਟੱਕਰ ਹੋਈ, ਜਿਸ ਨਾਲ ਦੋਵਾਂ ਵਾਹਨਾਂ ਦੇ ਅੱਗਲੇ ਹਿੱਸੇ ਨੂੰ ਭਾਰੀ ਨੁਕਸਾਨ ਪਹੁੰਚਿਆ। ਹਾਦਸੇ ਵਿੱਚ ਦੋਵੇਂ ਡਰਾਈਵਰ ਵੀ ਜ਼ਖਮੀ ਹੋਏ ਹਨ। ਘਟਨਾ ਤੋਂ ਬਾਅਦ ਮੌਕੇ 'ਤੇ ਰਾਹਗੀਰਾਂ ਨੇ ਬਚਾਅ ਕਾਰਜ ਸ਼ੁਰੂ ਕਰਕੇ ਬੱਚਿਆਂ ਨੂੰ ਬੱਸਾਂ ਵਿੱਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਹਾਦਸੇ ਦੀ ਸੁਚਨਾ ਮਿਲਦੇ ਹੀ ਜ਼ਖਮੀ ਬੱਚਿਆਂ ਦੇ ਪਰਿਵਾਰਕ ਮੈਂਬਰ ਅਤੇ ਸਕੂਲ ਪ੍ਰਬੰਧਨ ਵੀ ਪੀਜੀਆਈ ਪਹੁੰਚੇ। ਡਾਕਟਰੀ ਟੀਮ ਮੁਤਾਬਿਕ, ਦੋ ਬੱਚਿਆਂ ਦੀ ਹਾਲਤ ਗੰਭੀਰ ਹੈ, ਜਦਕਿ ਹੋਰ ਬੱਚਿਆਂ ਦਾ ਇਲਾਜ ਜਾਰੀ ਹੈ। ਪੁਲਿਸ ਨੇ ਦੋਵੇਂ ਬੱਸਾਂ ਨੂੰ ਜ਼ਬਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲਾ ਅੰਦਾਜ਼ਾ ਹੈ ਕਿ ਹਾਦਸਾ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਕਾਰਨ ਵਾਪਰਿਆ। ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਕੂਲ ਬੱਸਾਂ ਦੀ ਨਿਯਮਿਤ ਜਾਂਚ, ਰੂਟ ਪਰਮਿਟਾਂ ਦੀ ਸਕ੍ਰੂਟਨੀ ਅਤੇ ਡਰਾਈਵਰਾਂ ਦੀ ਫਿਟਨੈਸ 'ਤੇ ਸਖ਼ਤੀ ਨਾਲ ਨਿਗਰਾਨੀ ਕੀਤੀ ਜਾਵੇ ਤਾਂ ਜੋ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।