ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਪ੍ਰਸਿੱਧ ਫਲ ਵਪਾਰੀ ਕਨਹੈਯਾਲਾਲ ਖਟਿਕ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਗੈਂਗਸਟਰ ਰੋਹਿਤ ਗੋਦਾਰਾ ਦੇ ਨਾਮ 'ਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਖਟਿਕ, ਜੋ ਆਪਣੇ ਸੋਨੇ ਦੇ ਸ਼ੌਕ ਕਰਕੇ ‘ਚਿਤੌੜਗੜ੍ਹ ਦਾ ਬੱਪੀ ਲਹਿਰੀ’ ਕਹੇ ਜਾਂਦੇ ਹਨ, ਨੂੰ ਪਹਿਲਾਂ ਦੋ ਦਿਨ ਪਹਿਲਾਂ ਇੱਕ ਮਿਸਡ ਕਾਲ ਆਈ। ਇਸ ਤੋਂ ਬਾਅਦ ਉਸੇ ਨੰਬਰ ਤੋਂ ਵਾਟਸਐਪ ਕਾਲ ਅਤੇ ਫਿਰ ਇੱਕ ਆਡੀਓ ਰਿਕਾਰਡਿੰਗ ਭੇਜੀ ਗਈ ਜਿਸ ਵਿੱਚ ਫਿਰੌਤੀ ਦੀ ਮੰਗ ਕੀਤੀ ਗਈ।
ਖਟਿਕ ਦੇ ਮੁਤਾਬਕ, ਕਾਲਰ ਨੇ ਚੇਤਾਵਨੀ ਦਿੱਤੀ ਕਿ ਜੇ ਉਸਨੇ ਪੈਸੇ ਨਾ ਦਿੱਤੇ ਤਾਂ “ਉਹ ਸੋਨਾ ਪਾਉਣ ਦੀ ਹਾਲਤ ਵਿੱਚ ਨਹੀਂ ਰਹੇਗਾ।” ਬਾਅਦ ਵਿੱਚ ਇੱਕ ਹੋਰ ਕਾਲ ਆਈ ਜਿਸ ਵਿੱਚ ਮਾਮਲਾ "ਸ਼ਾਂਤੀ ਨਾਲ ਸੈਟਲ" ਕਰਨ ਲਈ ਕਿਹਾ ਗਿਆ।
ਖਟਿਕ ਨੇ ਸਿਟੀ ਕੋਤਵਾਲੀ ਥਾਣੇ ਵਿੱਚ ਮਾਮਲੇ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਕਨਹੈਯਾਲਾਲ ਖਟਿਕ ਕੌਣ?
50 ਸਾਲਾ ਖਟਿਕ ਇੱਕ ਸਮੇਂ ਹੱਥਰੇੜੀ 'ਤੇ ਸਬਜ਼ੀਆਂ ਵੇਚਦੇ ਸਨ। ਬਾਅਦ ਵਿੱਚ ਉਹ ਫਲ ਵਪਾਰ ਵਿੱਚ ਆਏ ਅਤੇ ਸੇਬ ਦੇ ਕਾਰੋਬਾਰ ਨੇ ਉਨ੍ਹਾਂ ਦੀ ਕਿਸਮਤ ਬਦਲੀ। ਸੋਨੇ ਪ੍ਰਤੀ ਸ਼ੌਕ ਵਧਣ ਨਾਲ ਉਹ ਅੱਜ ਲਗਭਗ 3.5 ਕਿਲੋ ਸੋਨਾ ਪਹਿਨਣ ਲਈ ਜਾਣੇ ਜਾਂਦੇ ਹਨ।
ਰੋਹਿਤ ਗੋਦਾਰਾ ਕੌਣ ਹੈ?
ਰੋਹਿਤ ਗੋਦਾਰਾ ਬੀਕਾਨੇਰ ਦੇ ਲੂਣਕਰਨ ਦਾ ਰਹਿਣ ਵਾਲਾ ਹੈ ਅਤੇ ਇਸ ਵੇਲੇ ਕਨੇਡਾ ਵਿੱਚ ਹੋਣ ਦੀ ਸੰਭਾਵਨਾ ਹੈ। ਉਸਦੇ ਖ਼ਿਲਾਫ਼ ਭਾਰਤ ਵਿੱਚ 32 ਤੋਂ ਵੱਧ ਮਾਮਲੇ ਦਰਜ ਹਨ। ਉਹ ਰਾਜਸਥਾਨ ਵਿੱਚ ਬਿਜਨੇਸਮੈਨਾਂ ਤੋਂ ਫਿਰੌਤੀ ਵਸੂਲਣ ਵਾਲੇ ਰੈਕਟ ਚਲਾਉਂਦਾ ਸੀ।
ਉਸਦਾ ਨਾਂ ਸਿੱਧੂ ਮੁਸੇਵਾਲਾ ਹੱਤਿਆਕਾਂਡ ਅਤੇ ਗੈਂਗਸਟਰ ਰਾਜੂ ਥੇਹਤ ਹੱਤਿਆਕਾਂਡ ਵਿੱਚ ਵੀ ਜੁੜਿਆ ਹੋਇਆ ਹੈ।
ਗੋਦਾਰਾ 2022 ਵਿੱਚ ਨਕਲੀ ਪਾਸਪੋਰਟ ਰਾਹੀਂ ਦੁਬਈ ਭੱਜ ਗਿਆ ਸੀ ਅਤੇ ਉਸਦੇ ਖ਼ਿਲਾਫ਼ ਇੰਟਰਪੋਲ ਦੀ ਰੈੱਡ ਨੋਟਿਸ ਜਾਰੀ ਹੈ।