ਮੁੰਬਈ:ਮੁੰਬਈ ਦੇ ਮਟੁੰਗਾ ਵੈਸਟ ਦੇ 72 ਸਾਲਾ ਭਾਰਤ ਹਰਕਚੰਦ ਸ਼ਾਹ ਨਾਲ ਇੱਕ ਵੱਡੇ ਟ੍ਰੇਡਿੰਗ ਫ੍ਰੌਡ ਵਿੱਚ 35 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਸ਼ਾਹ ਨੇ ਦੋਸ਼ ਲਗਾਇਆ ਹੈ ਕਿ ਗਲੋਬ ਕੈਪਿਟਲ ਮਾਰਕੀਟ ਲਿਮਿਟੇਡ ਨੇ ਉਸਦੀ ਪਤਨੀ ਦੇ ਖਾਤੇ ਰਾਹੀਂ ਚਾਰ ਸਾਲ ਤੱਕ ਬਿਨਾਂ ਇਜਾਜ਼ਤ ਟ੍ਰੇਡਿੰਗ ਕੀਤੀ।
ਫ੍ਰੌਡ ਕਿਵੇਂ ਸ਼ੁਰੂ ਹੋਇਆ?
1984 ਵਿੱਚ ਪਿਤਾ ਦੀ ਮੌਤ ਤੋਂ ਬਾਅਦ ਸ਼ਾਹ ਨੇ ਇੱਕ ਵਿਰਾਸਤੀ ਸ਼ੇਅਰ ਪੋਰਟਫੋਲਿਓ ਸੰਭਾਲਿਆ ਸੀ। ਸਟਾਕ ਮਾਰਕੀਟ ਦੀ ਜਾਣਕਾਰੀ ਨਾ ਹੋਣ ਕਾਰਨ ਉਹ ਕਦੇ ਟ੍ਰੇਡ ਨਹੀਂ ਕਰਦੇ ਸਨ।
2020 ਵਿੱਚ ਇੱਕ ਦੋਸਤ ਦੇ ਕਹਿਣ 'ਤੇ ਸ਼ਾਹ ਨੇ ਆਪਣੇ ਅਤੇ ਪਤਨੀ ਦੇ ਨਾਮ ਜ਼ਰੀਏ ਗਲੋਬ ਕੈਪਿਟਲ ਨਾਲ Demat ਤੇ ਟ੍ਰੇਡਿੰਗ ਖਾਤੇ ਖੋਲ੍ਹੇ।
ਕੰਪਨੀ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ “ਪਰਸਨਲ ਗਾਈਡ” ਉਹਨਾਂ ਦਾ ਪੋਰਟਫੋਲਿਓ ਸੰਭਾਲਣਗੇ। ਇਸ ਬਹਾਨੇ ਅਕਸ਼ੈ ਬਾਰੀਆ ਅਤੇ ਕਰਨ ਸਿਰੋਇਆ ਉਸਦੇ ਖਾਤਿਆਂ ਦਾ ਪੂਰਾ ਕੰਟਰੋਲ ਲੈ ਗਏ। ਉਹ ਘਰ ਆ ਕੇ ਟ੍ਰੇਡਿੰਗ ਕਰਦੇ, ਆਪਣੇ ਲੈਪਟੌਪ ਤੋਂ ਮੇਲ ਭੇਜਦੇ ਅਤੇ ਸ਼ਾਹ ਨੂੰ OTP ਤੇ SMS ਦਾਖਲ ਕਰਨ ਲਈ ਕਹਿੰਦੇ ਰਹੇ।
ਸ਼ਾਹ ਨੂੰ ਇਹ ਨਹੀਂ ਪਤਾ ਸੀ ਕਿ ਉਸਦੇ ਖਾਤੇ ਰਾਹੀਂ ਵੱਡੀ, ਹਾਨੀਕਾਰਕ ਟ੍ਰੇਡਿੰਗ ਚਲ ਰਹੀ ਸੀ।
2020 ਤੋਂ 2024 ਤੱਕ ਉਸਨੂੰ ਹਰ ਸਾਲ ਮੁਨਾਫ਼ੇ ਵਾਲੇ ਫਰਜ਼ੀ ਸਟੇਟਮੈਂਟ ਭੇਜੇ ਜਾਂਦੇ ਸਨ, ਜਿਸ ਕਾਰਨ ਉਸਨੂੰ ਕਦੇ ਸ਼ੱਕ ਨਹੀਂ ਹੋਇਆ।
ਠੱਗੀ ਕਿਵੇਂ ਬੇਨਕਾਬ ਹੋਈ?
ਜੁਲਾਈ 2024 ਵਿੱਚ ਸ਼ਾਹ ਨੂੰ ਗਲੋਬ ਕੈਪਿਟਲ ਦੇ ਰਿਸਕ ਮੈਨੇਜਮੈਂਟ ਡਿਪਾਰਟਮੈਂਟ ਤੋਂ ਕਾਲ ਆਈ:
“ਤੁਹਾਡੇ ਤੇ ਤੁਹਾਡੀ ਪਤਨੀ ਦੇ ਖਾਤੇ ਵਿੱਚ 35 ਕਰੋੜ ਦੀ ਡੈਬਿਟ ਬੈਲੈਂਸ ਹੈ। ਤੁਰੰਤ ਭਰੋ ਨਹੀਂ ਤਾਂ ਸ਼ੇਅਰ ਵੇਚ ਦਿੱਤੇ ਜਾਣਗੇ।”
ਕੰਪਨੀ ਦੇ ਦਫ਼ਤਰ ਪਹੁੰਚਣ 'ਤੇ ਸ਼ਾਹ ਨੂੰ ਪਤਾ ਲੱਗਾ ਕਿ ਉਸਦੇ ਖਾਤੇ ਵਿੱਚ ਭਾਰੀ, ਬਿਨਾਂ ਇਜਾਜ਼ਤ ਟ੍ਰੇਡਿੰਗ ਹੋ ਚੁੱਕੀ ਹੈ — ਕਰੋੜਾਂ ਦੇ ਸ਼ੇਅਰ ਵੇਚੇ ਗਏ ਸਨ ਅਤੇ ‘ਸਰਕੂਲਰ ਟ੍ਰੇਡਜ਼’ ਕਰਕੇ ਖਾਤਾ ਗਹਿਰੇ ਘਾਟੇ ਵਿੱਚ ਪਹੁੰਚ ਗਿਆ ਸੀ।
ਆਪਣੀਆਂ ਬਾਕੀ ਸੰਪਤੀਆਂ ਬਚਾਉਣ ਲਈ ਸ਼ਾਹ ਨੂੰ ਮਜ਼ਬੂਰਨ ਆਪਣੇ ਬਾਕੀ ਸ਼ੇਅਰ ਵੇਚ ਕੇ ਪੂਰੇ 35 ਕਰੋੜ ਰੁਪਏ ਭਰਣੇ ਪਏ।
ਜਦੋਂ ਉਸਨੇ ਗਲੋਬ ਕੈਪਿਟਲ ਦੀ ਵੈਬਸਾਈਟ ਤੋਂ ਅਸਲੀ ਟ੍ਰੇਡਿੰਗ ਸਟੇਟਮੈਂਟ ਡਾਊਨਲੋਡ ਕਰਕੇ ਮੇਲ ਰਾਹੀਂ ਭੇਜੇ ਗਏ ਸਟੇਟਮੈਂਟ ਨਾਲ ਤੁਲਨਾ ਕੀਤੀ ਤਾਂ ਫਰਕ ਸਪੱਸ਼ਟ ਨਜ਼ਰ ਆ ਗਿਆ।
ਇਹ ਵੀ ਸਾਹਮਣੇ ਆਇਆ ਕਿ NSE ਵੱਲੋਂ ਕਈ ਵਾਰ ਨੋਟਿਸ ਆ ਚੁੱਕੇ ਸਨ, ਜਿਨ੍ਹਾਂ ਦਾ ਜਵਾਬ ਕੰਪਨੀ ਨੇ ਸ਼ਾਹ ਦੇ ਨਾਮ ਤੇ ਭੇਜਿਆ, ਪਰ ਉਸਨੂੰ ਕਦੇ ਜਾਣਕਾਰੀ ਨਹੀਂ ਦਿੱਤੀ ਗਈ।
ਪੁਲਿਸ ਸ਼ਿਕਾਇਤ ਤੇ ਜਾਂਚ
ਸ਼ਾਹ ਨੇ ਇਸਨੂੰ “ਸੰਗਠਿਤ ਵਿੱਤੀ ਠੱਗੀ” ਕਰਾਰ ਦਿੱਤਾ ਤੇ ਵਾਂਰਾਈ ਪੁਲਿਸ ਸਟੇਸ਼ਨ ਵਿੱਚ FIR ਦਰਜ ਕਰਾਈ।
ਇਸ ਮਾਮਲੇ ਨੂੰ IPC ਧਾਰਾਵਾਂ 409 (ਭਰੋਸੇ ਦਾ ਦੁਰਵਰਤੋਂ) ਅਤੇ 420 (ਠੱਗੀ) ਅਧੀਨ ਦਰਜ ਕਰਕੇ ਹੁਣ ਮੁੰਬਈ ਪੁਲਿਸ ਦੇ EOW ਨੂੰ ਸੌਂਪਿਆ ਗਿਆ ਹੈ।